ਲਗਾਤਾਰ ਖ਼ਰਾਬ ਪ੍ਰਫਾਰਮੈਂਸ ਕਾਰਨ ICC Rankings ‘ਚ ਟਾਪ 10 ਤੋਂ ਬਾਹਰ ਹੋ ਸਕਦੇ ਹਨ ਬਾਬਰ ਆਜ਼ਮ

ICC ਵੱਲੋਂ 19 ਮਾਰਚ ਨੂੰ ਤਾਜ਼ਾ ਟੀ-20 ਰੈਂਕਿੰਗ ਜਾਰੀ ਕੀਤੀ ਗਈ ਹੈ, ਜਿਸ ਵਿੱਚ ਬਹੁਤੇ ਬਦਲਾਅ ਨਹੀਂ ਦੇਖੇ ਗਏ ਹਨ, ਪਰ ਪਾਕਿਸਤਾਨੀ ਟੀਮ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੂੰ ਬੱਲੇਬਾਜ਼ੀ ਰੈਂਕਿੰਗ ਵਿੱਚ ਇੱਕ ਸਥਾਨ ਦਾ ਨੁਕਸਾਨ ਜ਼ਰੂਰ ਝੱਲਣਾ ਪਿਆ ਹੈ। ਬਾਬਰ ਆਜ਼ਮ, ਜਿਨ੍ਹਾਂ ਦਾ ਬੱਲਾ ਲੰਬੇ ਸਮੇਂ ਤੋਂ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਕੁੱਝ ਖਾਸ ਕਮਾਲ ਨਹੀਂ ਕਰ ਸਕਿਆ ਹੈ, ਦੀ ਆਈਸੀਸੀ ਰੈਂਕਿੰਗ ‘ਤੇ ਵੀ ਪ੍ਰਭਾਵ ਪਿਆ ਹੈ ਅਤੇ ਹੁਣ ਟੀ-20 ਵਿੱਚ ਵੀ ਗਿਰਾਵਟ ਦੇਖੀ ਗਈ ਹੈ। ਇਸ ਦੌਰਾਨ, ਨਿਊਜ਼ੀਲੈਂਡ ਵਿਕਟਕੀਪਰ-ਬੱਲੇਬਾਜ਼ ਟਿਮ ਸੀਫਰਟ ਨੇ ਆਈਸੀਸੀ ਦੁਆਰਾ ਜਾਰੀ ਕੀਤੀ ਗਈ ਅਪਡੇਟ ਕੀਤੀ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ 20 ਸਥਾਨਾਂ ਦੀ ਛਾਲ ਮਾਰੀ ਹੈ।
ਟਾਪ-10 ਤੋਂ ਬਾਹਰ ਹੋਣ ਦੀ ਕਗਾਰ ‘ਤੇ ਬਾਬਰ ਆਜ਼ਮ
ਜੇਕਰ ਅਸੀਂ ਟੀ-20 ਇੰਟਰਨੈਸ਼ਨਲ ਵਿੱਚ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ‘ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ ਦੇ ਵਿਸਫੋਟਕ ਓਪਨਿੰਗ ਬੱਲੇਬਾਜ਼ ਟ੍ਰੈਵਿਸ ਹੈੱਡ ਸਿਖਰ ‘ਤੇ ਹਨ। ਜੇਕਰ ਅਸੀਂ ਬਾਬਰ ਆਜ਼ਮ ਦੀ ਗੱਲ ਕਰੀਏ ਤਾਂ ਪਿਛਲੀ ਰੈਂਕਿੰਗ ਵਿੱਚ ਉਹ 7ਵੇਂ ਨੰਬਰ ‘ਤੇ ਸਨ, ਪਰ ਇਸ ਵਾਰ ਉਨ੍ਹਾਂ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 702 ਰੇਟਿੰਗ ਅੰਕਾਂ ਨਾਲ 8ਵੇਂ ਨੰਬਰ ‘ਤੇ ਪਹੁੰਚ ਗਏ ਹਨ। ਇਸ ਤੋਂ ਇਲਾਵਾ, ਨਿਊਜ਼ੀਲੈਂਡ ਟੀਮ ਦੇ ਖਿਡਾਰੀ ਟਿਮ ਸੀਫਰਟ, ਜਿਨ੍ਹਾਂ ਨੇ ਪਾਕਿਸਤਾਨ ਵਿਰੁੱਧ ਚੱਲ ਰਹੀ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿੱਚ ਜ਼ੋਰਦਾਰ ਬੱਲੇਬਾਜ਼ੀ ਕੀਤੀ ਹੈ, ਰੈਂਕਿੰਗ ਵਿੱਚ 20 ਸਥਾਨਾਂ ਦੀ ਛਾਲ ਮਾਰ ਕੇ ਹੁਣ 13ਵੇਂ ਸਥਾਨ ‘ਤੇ ਪਹੁੰਚ ਗਏ ਹਨ, ਜਿਸ ਵਿੱਚ ਉਨ੍ਹਾਂ ਦੇ 641 ਰੇਟਿੰਗ ਅੰਕ ਹਨ।
ਤਿੰਨ ਭਾਰਤੀ ਟੌਪ-10 ਵਿੱਚ
ਭਾਰਤੀ ਟੀਮ ਦੇ ਤਿੰਨ ਬੱਲੇਬਾਜ਼ ਟੌਪ-10 ਵਿੱਚ ਸ਼ਾਮਲ ਹਨ, ਜਿਨ੍ਹਾਂ ਵਿੱਚ ਓਪਨਿੰਗ ਬੱਲੇਬਾਜ਼ ਅਭਿਸ਼ੇਕ ਸ਼ਰਮਾ 829 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ, ਤਿਲਕ ਵਰਮਾ ਚੌਥੇ ਸਥਾਨ ‘ਤੇ ਹੈ ਜਦੋਂ ਕਿ ਭਾਰਤੀ ਟੀ-20 ਅੰਤਰਰਾਸ਼ਟਰੀ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ 739 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹਨ। ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ 673 ਰੇਟਿੰਗ ਅੰਕਾਂ ਨਾਲ 12ਵੇਂ ਨੰਬਰ ‘ਤੇ ਹੈ। ਇਸ ਦੇ ਨਾਲ ਹੀ, ਆਈਸੀਸੀ ਟੀ-20 ਗੇਂਦਬਾਜ਼ੀ ਰੈਂਕਿੰਗ ਵਿੱਚ ਚੋਟੀ ਦੇ 10 ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ।