Cyclone Dana ਤੋਂ ਬਚਾਅ ਲਈ ਕੋਸ਼ਿਸ਼ਾਂ ਤੇਜ਼, ਰਾਹਤ ਸਮੱਗਰੀ ਦਾ ਸਟਾਕ ਜਮ੍ਹਾਂ, ਇਨ੍ਹਾਂ ਸੂਬਿਆਂ ‘ਚ ਤਬਾਹੀ!

Cyclone Tracker Live: ਚੱਕਰਵਾਤ ‘ਦਾਨਾ’ (Cyclone Dana) ਪੱਛਮੀ ਬੰਗਾਲ ਅਤੇ ਉੜੀਸਾ ਵਿਚ ਤਬਾਹੀ ਮਚਾਉਣ ਲਈ ਤਿਆਰ ਹੈ। ਪੱਛਮੀ ਬੰਗਾਲ ‘ਚ ਚੱਕਰਵਾਤ ਅਤੇ ਤੂਫਾਨ ਦੇ ਡਰ ਦੇ ਵਿਚਕਾਰ IMD ਨੇ ਅਲਰਟ ਜਾਰੀ ਕੀਤਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫਾਨ ਦਾਨਾ 24 ਅਕਤੂਬਰ ਨੂੰ ਬੰਗਾਲ ਅਤੇ ਉੜੀਸਾ ਵਿਚ ਦਸਤਕ ਦੇਵੇਗਾ।
ਬੰਗਾਲ ਤੋਂ ਲੈ ਕੇ ਉੜੀਸਾ ਤੱਕ ਭਾਰੀ ਬਾਰਿਸ਼ ਹੋਵੇਗੀ
ਇਸ ਕਾਰਨ ਬੰਗਾਲ ਤੋਂ ਲੈ ਕੇ ਉੜੀਸਾ ਤੱਕ ਭਾਰੀ ਬਾਰਿਸ਼ ਹੋਵੇਗੀ। ਸਮੁੰਦਰੀ ਤੱਟ ਦੇ ਆਸਪਾਸ ਦੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਅਪੀਲ ਕੀਤੀ ਗਈ ਹੈ।ਦਰਅਸਲ, ਆਈਐਮਡੀ ਯਾਨੀ ਭਾਰਤੀ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਚੱਕਰਵਾਤੀ ਤੂਫ਼ਾਨ ‘ਦਾਨਾ’ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਗੰਭੀਰ ਰੂਪ ਧਾਰਨ ਕਰੇਗਾ।
ਇਹ ਚੱਕਰਵਾਤੀ ਤੂਫਾਨ 24 ਅਕਤੂਬਰ ਦੀ ਰਾਤ ਤੋਂ 25 ਅਕਤੂਬਰ ਦੀ ਸਵੇਰ ਦੇ ਵਿਚਕਾਰ ਓਡੀਸ਼ਾ ਤੱਟ ਨੂੰ ਪਾਰ ਕਰਕੇ ਪੱਛਮੀ ਬੰਗਾਲ ਦੇ ਤੱਟ ‘ਤੇ ਪਹੁੰਚ ਸਕਦਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਦੱਖਣੀ ਅੰਡੇਮਾਨ ਸਾਗਰ ਵਿਚ ਐਤਵਾਰ ਤੋਂ ਚੱਕਰਵਾਤ ਬਣ ਰਿਹਾ ਹੈ।
24 ਅਕਤੂਬਰ ਦੀ ਰਾਤ ਨੂੰ ਓਡੀਸ਼ਾ ਦੇ ਤੱਟ ਦੇ ਨੇੜੇ ਪਹੁੰਚ ਜਾਵੇਗਾ
ਇਹ ਚੱਕਰਵਾਤ ਮੰਗਲਵਾਰ ਤੱਕ ਬੰਗਾਲ ਦੀ ਖਾੜੀ ‘ਤੇ ਵਿਕਸਤ ਹੋਵੇਗਾ। ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ 24 ਅਕਤੂਬਰ ਦੀ ਰਾਤ ਨੂੰ ਓਡੀਸ਼ਾ ਦੇ ਤੱਟ ਦੇ ਨੇੜੇ ਪਹੁੰਚ ਜਾਵੇਗਾ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਬੰਗਾਲ ‘ਚ ਹੋਣ ਵਾਲੀ ਵਿਸ਼ਾਲ ਕਾਲੀ ਪੂਜਾ ਤੋਂ ਪਹਿਲਾਂ ਬੰਗਾਲ ‘ਚ ਭਾਰੀ ਤਬਾਹੀ ਹੋ ਸਕਦੀ ਹੈ। ਇਸ ਬਾਰੇ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਤੱਟਵਰਤੀ ਖੇਤਰਾਂ ਦੇ ਸਾਰੇ ਬੀਡੀਓਜ਼ ਅਤੇ ਐਸਡੀਓਜ਼ ਨਾਲ ਮੀਟਿੰਗ ਕੀਤੀ ਹੈ, ਸਾਰੀਆਂ ਥਾਵਾਂ ‘ਤੇ ਰਾਹਤ ਸਮੱਗਰੀ ਦਾ ਸਟਾਕ ਕੀਤਾ ਗਿਆ ਹੈ।
ਪੱਛਮੀ ਬੰਗਾਲ ਦੇ ਤੱਟੀ ਇਲਾਕਿਆਂ ਵਿਚ ਨਿਗਰਾਨੀ ਰੱਖੀ ਜਾਵੇਗੀ। ਇਸ ਤੋਂ ਇਲਾਵਾ ਮਛੇਰਿਆਂ ਨੂੰ ਡੂੰਘੇ ਸਮੁੰਦਰ ਵਿਚ ਜਾਣ ਤੋਂ ਰੋਕਣ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ਰਾਜ ਦੇ ਸਭ ਤੋਂ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਦੀਘਾ ਦੇ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ, ਸੈਲਾਨੀਆਂ ‘ਤੇ ਪਾਬੰਦੀਆਂ ਲਗਾਈਆਂ ਜਾਣਗੀਆਂ ਜਾਂ ਨਹੀਂ, ਇਸ ਬਾਰੇ ਜਾਣਕਾਰੀ ਕੱਲ੍ਹ ਯਾਨੀ ਬੁੱਧਵਾਰ ਨੂੰ ਦਿੱਤੀ ਜਾਵੇਗੀ।
ਆਂਧਰਾ ਪ੍ਰਦੇਸ਼ ਅਤੇ ਝਾਰਖੰਡ ਦੇ ਕਈ ਜ਼ਿਲ੍ਹਿਆਂ ਵਿਚ ਵੀ ਮੀਂਹ
ਇਸ ਦੌਰਾਨ ਓਡੀਸ਼ਾ ਅਤੇ ਪੱਛਮੀ ਬੰਗਾਲ ਤੋਂ ਇਲਾਵਾ ਗੁਆਂਢੀ ਰਾਜਾਂ ਆਂਧਰਾ ਪ੍ਰਦੇਸ਼ ਅਤੇ ਝਾਰਖੰਡ ਦੇ ਕਈ ਜ਼ਿਲ੍ਹਿਆਂ ਵਿਚ ਵੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਪੱਛਮੀ ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ, ਪੂਰਬੀ ਮੇਦਿਨੀਪੁਰ, ਪੱਛਮੀ ਮੇਦਿਨੀਪੁਰ, ਦੱਖਣੀ 24 ਪਰਗਨਾ ਅਤੇ ਉੱਤਰੀ 24 ਪਰਗਨਾ ਵਿੱਚ 23 ਅਕਤੂਬਰ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਕਿਹਾ ਕਿ 24 ਅਤੇ 25 ਅਕਤੂਬਰ ਨੂੰ ਪੂਰਬੀ ਮੇਦਿਨੀਪੁਰ, ਪੱਛਮੀ ਮੇਦਿਨੀਪੁਰ, ਦੱਖਣੀ 24 ਪਰਗਨਾ ਅਤੇ ਝਾਰਗ੍ਰਾਮ ਵਿੱਚ ਇੱਕ ਜਾਂ ਦੋ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਕੋਲਕਾਤਾ, ਹਾਵੜਾ, ਹੁਗਲੀ, ਉੱਤਰੀ 24 ਪਰਗਨਾ, ਪੁਰੂਲੀਆ ਅਤੇ ਬਾਂਕੁੜਾ ਜ਼ਿਲ੍ਹਿਆਂ ਵਿੱਚ 24 ਅਤੇ 25 ਅਕਤੂਬਰ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।