ਇੰਗਲੈਂਡ ਨੇ ਰਚਿਆ ਇਤਿਹਾਸ, 33 ਸਾਲ ਬਾਅਦ ਲਾਰਡਸ ਦੇ ਮੈਦਾਨ ‘ਚ ਸ਼੍ਰੀਲੰਕਾ ਨੂੰ ਹਰਾ ਕੇ ਜਿੱਤੀ ਸੀਰੀਜ਼

ਲਾਰਡਸ ਟੈਸਟ ਮੈਚ ‘ਚ ਇੰਗਲੈਂਡ ਨੇ ਸ਼੍ਰੀਲੰਕਾ ਨੂੰ 190 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਇੰਗਲੈਂਡ ਨੇ 3 ਮੈਚਾਂ ਦੀ ਟੈਸਟ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਗਸ ਐਟਕਿੰਸਨ ਨੇ ਦੂਜੀ ਪਾਰੀ ਵਿੱਚ ਟੀਮ ਦੀ ਜਿੱਤ ਨੂੰ ਪੱਕਾ ਕੀਤਾ ਸੀ। ਇੰਗਲੈਂਡ ਨੇ ਸ਼੍ਰੀਲੰਕਾ ਨੂੰ ਜਿੱਤ ਲਈ 483 ਦੌੜਾਂ ਦਾ ਰਿਕਾਰਡ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਚੌਥੇ ਦਿਨ ਹੀ ਸ਼੍ਰੀਲੰਕਾ ਟੀਮ ਢੇਰੀ ਹੋ ਗਈ। ਮਹਿਮਾਨ ਟੀਮ ਨੇ ਦੂਜੀ ਪਾਰੀ ਵਿੱਚ 292 ਦੌੜਾਂ ਬਣਾਈਆਂ। ਪਹਿਲੀ ਪਾਰੀ ‘ਚ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਐਟਕਿਨਸਨ ਨੇ ਦੂਜੀ ਪਾਰੀ ‘ਚ 62 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਤਜਰਬੇਕਾਰ ਬੱਲੇਬਾਜ਼ ਜੋ ਰੂਟ (Joe Root) ਨੇ ਦੋਵੇਂ ਪਾਰੀਆਂ ਵਿੱਚ ਸੈਂਕੜੇ ਜੜ ਕੇ ਟੀਮ ਦੀ ਵੱਡੀ ਜਿੱਤ ਦੀ ਨੀਂਹ ਰੱਖੀ।
483 ਦੇ ਵੱਡੇ ਸਕੋਰ ਦਾ ਪਿੱਛਾ ਕਰਦੇ ਹੋਏ, ਸ਼੍ਰੀਲੰਕਾ ਨੇ 2 ਵਿਕਟਾਂ ‘ਤੇ 53 ਦੌੜਾਂ ਨਾਲ ਦਿਨ ਦੀ ਸ਼ੁਰੂਆਤ ਕੀਤੀ। ਸ਼੍ਰੀਲੰਕਾ ਨੇ ਪ੍ਰਭਾਤ ਜੈਸੂਰੀਆ (ਚਾਰ) ਦਾ ਵਿਕਟ ਜਲਦੀ ਗੁਆ ਦਿੱਤਾ। ਉਹ ਕ੍ਰਿਸ ਵੋਕਸ ਦੀ ਗੇਂਦ ‘ਤੇ ਦੂਜੀ ਸਲਿੱਪ ‘ਤੇ ਕੈਚ ਹੋ ਗਏ। ਕਰੁਣਾਰਤਨੇ ਅਤੇ ਐਂਜੇਲੋ ਮੈਥਿਊਜ਼ (36) ਨੇ ਫਿਰ 55 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਅੱਗੇ ਵਧਾਇਆ। ਕਰੁਣਾਰਤਨੇ ਟੈਸਟ ‘ਚ ਆਪਣਾ 54ਵਾਂ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਓਲੀ ਸਟੋਨ ਦੀ ਗੇਂਦ ਨੂੰ ਸੰਭਾਲਣ ‘ਚ ਨਾਕਾਮ ਰਹੇ ਅਤੇ ਗੇਂਦ ਉਸ ਦੇ ਦਸਤਾਨੇ ‘ਚ ਜਾ ਲੱਗੀ ਅਤੇ ਵਿਕਟਕੀਪਰ ਜੈਮੀ ਸਮਿਥ ਦੇ ਹੱਥਾਂ ‘ਚ ਚਲੀ ਗਈ।
ਲੰਚ ਤੋਂ ਬਾਅਦ ਮੈਥਿਊਜ਼ ਨੇ ਸਾਵਧਾਨੀ ਨਾਲ ਬੱਲੇਬਾਜ਼ੀ ਕੀਤੀ ਜਦਕਿ ਦਿਨੇਸ਼ ਚਾਂਦੀਮਲ (58) ਨੇ ਹਮਲਾਵਰ ਰੁਖ਼ ਅਪਣਾਇਆ। ਸ਼ੋਏਬ ਬਸ਼ੀਰ ਨੇ ਮੈਥਿਊਜ਼ ਨੂੰ ਆਊਟ ਕਰਕੇ ਦੋਵਾਂ ਵਿਚਾਲੇ 59 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ। ਮੈਥਿਊਜ਼ ਕਵਰ ਏਰੀਏ ਵਿੱਚ ਵੋਕਸ ਨੂੰ ਆਸਾਨ ਕੈਚ ਦੇ ਕੇ ਪੈਵੇਲੀਅਨ ਪਰਤ ਗਏ। ਪਹਿਲੀ ਪਾਰੀ ਵਿੱਚ ਸੈਂਕੜਾ ਜੜਨ ਵਾਲੇ ਗਸ ਐਟਕਿੰਸਨ ਨੇ ਫਿਰ ਚਾਂਦੀਮਲ ਅਤੇ ਕਮਿੰਦੂ ਮੈਂਡਿਸ (ਚਾਰ) ਨੂੰ ਆਊਟ ਕਰਕੇ ਇੰਗਲੈਂਡ ਦੀ ਜਿੱਤ ਲਗਭਗ ਪੱਕੀ ਕਰ ਦਿੱਤੀ। ਉਸ ਨੇ ਟੀ ਤੋਂ ਬਾਅਦ ਕਪਤਾਨ ਧਨੰਜੇ ਡੀ ਸਿਲਵਾ ਦੀ 50 ਦੌੜਾਂ ਦੀ ਪਾਰੀ ਦਾ ਅੰਤ ਕੀਤਾ ਅਤੇ ਮਿਲਾਨ ਰਤਨਾਇਕ (43) ਨਾਲ ਅੱਠਵੀਂ ਵਿਕਟ ਲਈ ਤੇ 73 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਿਆ। ਐਟਕਿੰਸਨ ਨੇ ਫਿਰ ਰਤਨਾਇਕ ਨੂੰ ਆਊਟ ਕਰਕੇ ਆਪਣੀ ਪੰਜਵੀਂ ਸਫਲਤਾ ਹਾਸਲ ਕੀਤੀ। ਵੋਕਸ ਅਤੇ ਸਟੋਨ ਨੇ ਦੋ-ਦੋ ਵਿਕਟਾਂ ਲਈਆਂ। ਇੰਗਲੈਂਡ ਨੇ ਪਿਛਲੇ ਹਫ਼ਤੇ ਮਾਨਚੈਸਟਰ ਵਿੱਚ ਸੀਰੀਜ਼ ਦਾ ਪਹਿਲਾ ਮੈਚ 5 ਵਿਕਟਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਤੀਜਾ ਮੈਚ ਸ਼ੁੱਕਰਵਾਰ ਤੋਂ ਓਵਲ ਮੈਦਾਨ ‘ਤੇ ਖੇਡਿਆ ਜਾਵੇਗਾ।
- First Published :