ਕੀ ਸ਼ੂਗਰ ਦੀ ਦਵਾਈ ਬਣ ਸਕਦੀ ਹੈ ਬੱਚਿਆਂ ਦੀਆਂ ਜਮਾਂਦਰੂ ਬਿਮਾਰੀਆਂ ਦਾ ਕਾਰਨ? ਰਿਸਰਚ ‘ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਤੱਥ

ਸ਼ੂਗਰ (Diabetes) ਇੱਕ ਗੰਭੀਰ ਬਿਮਾਰੀ ਹੈ। ਸ਼ੂਗਰ ਜ਼ਿਆਦਾਤਰ ਵੱਡੀ ਉਮਰ ਦੇ ਲੋਕਾਂ ਨੂੰ ਹੁੰਦੀ ਹੈ। ਪਰ ਅੱਜ-ਕੱਲ੍ਹ ਨੌਜਵਾਨ ਵੀ ਸ਼ੂਗਰ ਤੋਂ ਪੀੜਤ ਹਨ। ਇਸ ਦਾ ਪ੍ਰਮੁੱਖ ਕਾਰਨ ਸਾਡੀ ਬਦਲ ਰਹੀ ਜੀਵਨ ਸ਼ੈਲੀ ਹੈ। ਸ਼ੂਗਰ ਤੋਂ ਪੀੜਤ ਨੌਜਵਾਨਾਂ ਲਈ ਵੱਡਾ ਸਵਾਲ ਇਹ ਹੈ, ਕਿ ਉਨ੍ਹਾਂ ਦੇ ਸ਼ੂਗਰ ਰੋਗ ਕਾਰਨ, ਉਨ੍ਹਾਂ ਦੇ ਬੱਚਿਆਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਸੰਬੰਧੀ ਵਿੱਚ ਇੱਕ ਖੋਜ ਕੀਤੀ ਗਈ ਹੈ। ਜਿਸ ਵਿੱਚ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆਏ ਹਨ। ਆਓ ਜਾਣਦੇ ਹਾਂ ਇਸ ਸੰਬੰਧੀ ਡਿਟੇਲਜ਼-
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸ਼ੂਗਰ ਰੋਗ ਸੰਬੰਧੀ ਇਹ ਅਧਿਐਨ ਨਾਰਵੇ ਦੇ ਵਿਗਿਆਨੀਆਂ ਦੁਆਰਾ ਕੀਤਾ ਗਿਆ ਹੈ। ਜਿਸ ਵਿੱਚ ਟਾਈਪ 2 ਸ਼ੂਗਰ (Type 2 Diabetes) ਨੂੰ ਕੰਟਰੋਲ ਕਰਨ ਦੇ ਲਈ ਖਾਧੀ ਜਾਂਦੀ ਦਵਾਈ ਮੈਟਫੋਰਮਿਨ (Metformin) ਬਾਰੇ ਖੋਜ ਕੀਤੀ ਗਈ। ਇਸ ਅਧਿਐਨ ਵਿੱਚ ਜਾਣਿਆ ਗਿਆ ਕਿ ਇਸ ਦਵਾਈ ਨੂੰ ਲੈਣ ਨਾਲ ਬੱਚਿਆਂ ਉੱਤੇ ਕੀ ਪ੍ਰਭਾਵ ਪੈਂਦਾ ਹੈ।
ਇਸ ਅਧਿਐਨ ਲਈ ਖੋਜਕਰਤਾਵਾਂ ਨੇ 30 ਲੱਖ ਤੋਂ ਵੱਧ ਬੱਚਿਆਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ। ਇਹ ਡਾਟਾ ਵੱਖ-ਵੱਖ ਦੇਸ਼ਾਂ ਤੋਂ ਇਕੱਠਾ ਕੀਤਾ ਗਿਆ ਸੀ। ਇਸ ਵਿੱਚ ਤਾਇਵਾਨ ਅਤੇ ਨਾਰਵੇ ਤੋਂ ਵੱਡੀ ਮਾਤਰਾ ਵਿੱਚ ਡਾਟਾ ਸ਼ਾਮਲ ਕੀਤਾ ਗਿਆ ਸੀ। ਇਸ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਮੈਟਫੋਰਮਿਨ ਦਾ ਬੱਚਿਆਂ ਵਿੱਚ ਜਮਾਂਦਰੂ ਖ਼ਰਾਬੀ ਨਾਲ ਕੋਈ ਸਬੰਧ ਹੈ ਜਾਂ ਨਹੀਂ।
ਇਸ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਟਾਈਪ 2 ਡਾਇਬਟੀਜ਼ ਤੋਂ ਪੀੜਤ ਮਰਦ, ਜੋ ਸ਼ੂਗਰ ਨੂੰ ਕੰਟਰੋਲ ਕਰਨ ਲਈ ਮੈਟਫੋਰਮਿਨ (Metformin) ਲੈਂਦੇ ਹਨ, ਉਨ੍ਹਾਂ ਦੇ ਬੱਚਿਆਂ ਵਿੱਚ ਜਮਾਂਦਰੂ ਨੁਕਸ ਜਾਂ ਬਿਮਾਰੀਆਂ ਦਾ ਖ਼ਤਰਾ ਵੱਧ ਨਹੀਂ ਹੁੰਦਾ। ਇਸ ਤੋਂ ਪਹਿਲਾਂ ਇੱਕ ਅਧਿਐਨ ‘ਚ ਦਾਅਵਾ ਕੀਤਾ ਗਿਆ ਸੀ ਕਿ ਮੈਟਫੋਰਮਿਨ ਦੀ ਵਰਤੋਂ ਕਰਨ ਵਾਲੇ ਮਰਦਾਂ ਦੇ ਬੱਚਿਆਂ ਨੂੰ ਜਨਮ ਤੋਂ ਹੀ ਬਿਮਾਰੀਆਂ ਹੋ ਸਕਦੀਆਂ ਹਨ, ਪਰ ਨਵੇਂ ਅਧਿਐਨ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਮੈਟਫੋਰਮਿਨ ਨੂੰ ਸੁਰੱਖਿਅਤ ਕਰਾਰ ਦਿੱਤਾ ਹੈ। ਇਹ ਜਾਣਕਾਰੀ ਸ਼ੂਗਰ ਤੋਂ ਪੀੜਤ ਤੇ ਪਰਿਵਾਰ ਦੀ ਯੋਜਨਾ ਬਣਾ ਰਹੇ ਮਰਦਾਂ ਲਈ ਮਹੱਤਵਪੂਰਨ ਹੈ।
ਨੈਸ਼ਨਲ ਤਾਇਵਾਨ ਯੂਨੀਵਰਸਿਟੀ ਅਤੇ ਓਸਲੋ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਇਹ ਅਧਿਐਨ ਪਰਿਵਾਰ ਦੀ ਯੋਜਨਾ ਬਣਾਉਣ ਵਾਲੇ ਪੁਰਸ਼ਾਂ ਲਈ ਲਾਭਦਾਇਕ ਹੋ ਸਕਦਾ ਹੈ। ਇਸ ਦੇ ਇਲਾਵਾ ਇਹ ਅਧਿਐਨ ਮੈਟਫੋਰਮਿਨ ਦੀ ਵਰਤੋਂ ਬਾਰੇ ਫ਼ੈਸਲਾ ਲੈਣ ਵਿੱਚ ਡਾਕਟਰਾਂ ਦੀ ਮਦਦ ਵੀ ਕਰੇਗਾ।
ਮੈਟਫੋਰਮਿਨ ਦਾ ਕੰਮ
ਇੱਥੇ ਜ਼ਿਕਰਯੋਗ ਹੈ ਕਿ ਟਾਈਪ 2 ਸ਼ੂਗਰ ਦੇ ਲਈ ਵਰਤੋਂ ਜਾਣ ਵਾਲੀ ਦਵਾਈ ਮੈਟਫੋਰਮਿਨ (Metformin) ਪ੍ਰਮੁੱਖ ਰੂਪ ਵਿੱਚ ਦੋ ਤਰ੍ਹਾਂ ਨਾਲ ਕੰਮ ਕਰਦੀ ਹੈ। ਸਭ ਤੋਂ ਪਹਿਲਾਂ, ਇਹ ਦਵਾਈ ਲੀਵਰ ਵਿੱਚ ਗਲੂਕੋਜ਼ ਦੇ ਉਤਪਾਦਨ ਨੂੰ ਘਟਾਉਂਦੀ ਹੈ, ਜਿਸ ਨਾਲ ਖ਼ੂਨ ਵਿੱਚ ਸ਼ੂਗਰ ਦਾ ਪੱਧਰ ਘੱਟ ਜਾਂਦਾ ਹੈ। ਦੂਜਾ ਇਹ ਸਰੀਰ ਦੇ ਸੈੱਲਾਂ ਨੂੰ ਇਨਸੁਲਿਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਂਦਾ ਹੈ, ਜਿਸ ਨਾਲ ਸੈੱਲ ਗਲੂਕੋਜ਼ ਦੀ ਵਧੇਰੇ ਪ੍ਰਭਾਵੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਦਵਾਈ ਅੰਤੜੀ ਵਿੱਚ ਸ਼ੂਗਰ ਦੇ ਸੋਖਣ ਨੂੰ ਵੀ ਘੱਟ ਕਰਦੀ ਹੈ।
ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।