39 ਗੇਂਦਾਂ ‘ਚ ਸੈਂਕੜਾ ਲਗਾਉਣ ਵਾਲੇ Priyansh Arya ਨੂੰ ਮਿਲਣ ਲਈ ਭੱਜਦੀ ਆਈ Preity Zinta, ਵੀਡੀਓ ਵਾਇਰਲ

ਇਸ ਸਮੇਂ, ਪ੍ਰਿਯਾਂਸ਼ ਆਰੀਆ ਦਾ ਨਾਮ ਕ੍ਰਿਕਟ ਜਗਤ ਵਿੱਚ ਗੂੰਜ ਰਿਹਾ ਹੈ। ਪਿਛਲੇ 12 ਘੰਟਿਆਂ ਤੋਂ ਹਰ ਕੋਈ ਪ੍ਰਿਯਾਂਸ਼ ਬਾਰੇ ਗੱਲ ਕਰ ਰਿਹਾ ਹੈ। ਇਸ 24 ਸਾਲਾ ਨੌਜਵਾਨ ਨੇ ਆਈਪੀਐਲ 2025 ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ ਅਤੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਚੌਥਾ ਸਭ ਤੋਂ ਤੇਜ਼ ਸੈਂਕੜਾ ਲਗਾਇਆ। ਉਸ ਨੇ ਆਪਣੀ ਪ੍ਰਫਾਰਮੈਂਸ ਨਾਲ ਟੀਮ ਦੀ ਮਾਲਕਨ ਪ੍ਰੀਤੀ ਜ਼ਿੰਟਾ ਦਾ ਦਿਲ ਵੀ ਜਿੱਤ ਲਿਆ। ਸਿਰਫ਼ 19 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ, 39 ਗੇਂਦਾਂ ਵਿੱਚ ਸੈਂਕੜਾ ਅਤੇ 42 ਗੇਂਦਾਂ ਵਿੱਚ 103 ਦੌੜਾਂ ਬਣਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਜਦੋਂ ਪ੍ਰਿਯਾਂਸ਼ ਆਰੀਆ ਨੇ ਸੈਂਕੜਾ (ਜਿਸ ਵਿੱਚ ਨੌਂ ਛੱਕੇ ਅਤੇ ਸੱਤ ਚੌਕੇ ਸ਼ਾਮਲ ਸਨ) ਬਣਾਉਣ ਤੋਂ ਬਾਅਦ ਆਪਣਾ ਹੈਲਮੇਟ ਉਤਾਰਿਆ, ਤਾਂ ਦੁਨੀਆ ਇਸ ਡਿੰਪਲ Boy ਵੱਲ ਦੇਖਦੀ ਰਹਿ ਗਈ। ਪਿਆਰਾ ਚਿਹਰਾ, ਮਿੱਠੀ ਮੁਸਕਰਾਹਟ ਅਤੇ ਬਹਾਦਰ ਸ਼ਖਸੀਅਤ ਪ੍ਰਿਯਾਂਸ਼ ਆਰੀਆ ਨੂੰ ਭਾਰਤੀ ਕ੍ਰਿਕਟ ਦਾ ਅਗਲਾ ਪੋਸਟਰ ਬੁਆਏ ਬਣਾਉਣ ਲਈ ਕਾਫ਼ੀ ਹਨ। ਮੈਚ ਤੋਂ ਬਾਅਦ ਟੀਮ ਮਾਲਕਣ ਪ੍ਰੀਤੀ ਜ਼ਿੰਟਾ ਨਾਲ ਉਸ ਦੀ ਮੁਲਾਕਾਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇੰਟਰਨੈੱਟ ‘ਤੇ ਵਾਇਰਲ ਵੀਡੀਓ
ਇਸ 24 ਸਕਿੰਟ ਦੇ ਵੀਡੀਓ ਵਿੱਚ, ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਆਪਣੀ ਟੀਮ ਦੇ ਡਿੰਪਲ ਬੁਆਏ ਸੈਂਚੁਰੀ ਮੇਕਰ ਪ੍ਰਿਯਾਂਸ਼ ਨੂੰ ਮਿਲਣ ਤੋਂ ਬਾਅਦ ਬਹੁਤ ਖੁਸ਼ ਦਿਖਾਈ ਦੇ ਰਹੀ ਹੈ। ਪ੍ਰੀਤੀ ਪਹਿਲਾਂ ਪ੍ਰਿਯਾਂਸ਼ ਨਾਲ ਹੱਥ ਮਿਲਾਉਂਦੀ ਹੈ ਅਤੇ ਫਿਰ ਉਸ ਨੂੰ ਵਧਾਈ ਦਿੰਦੀ ਹੈ। ਪੂਰੀ ਗੱਲਬਾਤ ਦੌਰਾਨ, ਪ੍ਰੀਤੀ ਜ਼ਿੰਟਾ ਦੇ ਚਿਹਰੇ ‘ਤੇ ਵੱਡੀ ਮੁਸਕਰਾਹਟ ਇਹ ਦੱਸਣ ਲਈ ਕਾਫ਼ੀ ਸੀ ਕਿ ਉਹ ਪ੍ਰਿਯਾਂਸ਼ ਤੋਂ ਕਿੰਨੀ ਪ੍ਰਭਾਵਿਤ ਹੈ।
ਪ੍ਰਿਯਾਂਸ਼ ਦੇ ਦਮ ‘ਤੇ ਪੰਜਾਬ ਨੇ 219 ਦੌੜਾਂ ਬਣਾਈਆਂ
ਪ੍ਰਿਯਾਂਸ਼ ਆਰੀਆ ਦੇ 42 ਗੇਂਦਾਂ ‘ਤੇ 103 ਦੌੜਾਂ ਤੋਂ ਬਾਅਦ, ਪੰਜਾਬ ਕਿੰਗਜ਼ ਨੇ ਸ਼ਸ਼ਾਂਕ ਸਿੰਘ (36 ਗੇਂਦਾਂ ‘ਤੇ 52 ਨਾਬਾਦ) ਅਤੇ ਮਾਰਕੋ ਜੈਨਸਨ (19 ਗੇਂਦਾਂ ‘ਤੇ 34 ਨਾਬਾਦ) ਵਿਚਕਾਰ ਸੱਤਵੀਂ ਵਿਕਟ ਲਈ 65 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਛੇ ਵਿਕਟਾਂ ‘ਤੇ 219 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਚੇਨਈ ਲਈ ਅਸ਼ਵਿਨ ਅਤੇ ਖਲੀਲ ਨੇ ਦੋ-ਦੋ ਵਿਕਟਾਂ ਲਈਆਂ, ਪਰ ਦੋਵੇਂ ਕਾਫ਼ੀ ਮਹਿੰਗੇ ਸਾਬਤ ਹੋਏ। ਖਲੀਲ ਨੇ ਆਪਣੇ ਚਾਰ ਓਵਰਾਂ ਵਿੱਚ 45 ਦੌੜਾਂ ਦਿੱਤੀਆਂ ਜਦੋਂ ਕਿ ਅਸ਼ਵਿਨ ਨੇ 48 ਦੌੜਾਂ ਦਿੱਤੀਆਂ।
CSK ਦੀ ਚੌਥੀ ਹਾਰ
220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਕੌਨਵੇ ਅਤੇ ਰਵਿੰਦਰ ਨੇ ਪਾਵਰ ਪਲੇ ਵਿੱਚ 59 ਦੌੜਾਂ ਜੋੜ ਕੇ ਸੁਪਰ ਕਿੰਗਜ਼ ਨੂੰ ਚੰਗੀ ਸ਼ੁਰੂਆਤ ਦਿੱਤੀ। ਪਰ ਜਲਦੀ ਹੀ ਟੀਮ ਦਾ ਸਕੋਰ ਦੋ ਵਿਕਟਾਂ ‘ਤੇ 62 ਦੌੜਾਂ ਬਣ ਗਿਆ। ਸੁਪਰ ਕਿੰਗਜ਼ ਨੂੰ ਆਖਰੀ ਓਵਰ ਵਿੱਚ ਜਿੱਤ ਲਈ 28 ਦੌੜਾਂ ਦੀ ਲੋੜ ਸੀ। ਯਸ਼ ਨੇ ਪਹਿਲੀ ਹੀ ਗੇਂਦ ‘ਤੇ ਧੋਨੀ ਨੂੰ ਚਾਹਲ ਹੱਥੋਂ ਕੈਚ ਕਰਵਾ ਦਿੱਤਾ। ਰਵਿੰਦਰ ਜਡੇਜਾ (ਨਾਬਾਦ 9) ਨੇ ਯਸ਼ ਦੀ ਗੇਂਦ ‘ਤੇ ਛੱਕਾ ਲਗਾਇਆ ਪਰ ਟੀਮ ਟੀਚੇ ਤੋਂ ਦੂਰ ਰਹੀ।