‘ਚਾਰ ਬੱਚੇ ਪੈਦਾ ਕਰਨ ਵਾਲੇ ਜੋੜਿਆਂ ਨੂੰ ਮਿਲੇਗਾ ਇਕ ਲੱਖ ਰੁਪਏ ਦਾ ਇਨਾਮ’

Vishnu Rajoria News: ਮਹਿੰਗਾਈ ਦਾ ਜ਼ਮਾਨਾ ਹੈ। ਲੋਕਾਂ ਲਈ ਆਪਣਾ ਘਰ ਚਲਾਉਣਾ ਔਖਾ ਹੋ ਗਿਆ ਹੈ। ਆਮ ਆਦਮੀ ਇਕ ਬੱਚੇ ਦੇ ਪਾਲਣ-ਪੋਸ਼ਣ ਵਿੱਚ ਹੀ ਪ੍ਰੇਸ਼ਾਨ ਰਹਿੰਦਾ ਹੈ। ਮਹਿੰਗਾਈ ਕਾਰਨ ਅੱਜ ਕੱਲ੍ਹ ਲੋਕ ਦੂਜਾ ਬੱਚਾ ਪੈਦਾ ਕਰਨ ਤੋਂ ਵੀ ਕੰਨੀ ਕਤਰਾਉਂਦੇ ਹਨ। ਅਜਿਹੀ ਸਥਿਤੀ ਵਿੱਚ ਚਾਰ ਬੱਚੇ ਪੈਦਾ ਕਰਨ ਦਾ ਗਿਆਨ ਦੇਣਾ ਕਿੰਨਾ ਤਰਕਹੀਣ ਲੱਗਦਾ ਹੈ। ਉਧਰ, ਪਰਸ਼ੂਰਾਮ ਵੈਲਫੇਅਰ ਬੋਰਡ ਦੇ ਚੇਅਰਮੈਨ ਨੇ ਬ੍ਰਾਹਮਣ ਭਾਈਚਾਰੇ ਲਈ ਇੱਕ ਐਲਾਨ ਕੀਤਾ ਹੈ। ਇਸ ਵਿਚ ਆਖਿਆ ਗਿਆ ਹੈ ਕਿ ਜੇਕਰ ਕੋਈ ਬ੍ਰਾਹਮਣ ਚਾਰ ਬੱਚੇ ਪੈਦਾ ਕਰਦਾ ਹੈ ਤਾਂ ਉਸ ਨੂੰ 1 ਲੱਖ ਰੁਪਏ ਦਾ ਇਨਾਮ ਮਿਲੇਗਾ।
ਮੱਧ ਪ੍ਰਦੇਸ਼ ਸਰਕਾਰ ਦੇ ਪਰਸ਼ੂਰਾਮ ਵੈਲਫੇਅਰ ਬੋਰਡ ਦੇ ਚੇਅਰਮੈਨ ਪੰਡਿਤ ਵਿਸ਼ਨੂੰ ਰਾਜੋਰੀਆ ਨੇ ਬ੍ਰਾਹਮਣ ਭਾਈਚਾਰੇ ਦੀ ਇਕ ਕਾਨਫਰੰਸ ਦੌਰਾਨ ਇਹ ਐਲਾਨ ਕਰਦਿਆਂ ਕਿਹਾ ਕਿ ਇਸ ਭਾਈਚਾਰੇ ਦੇ ਚਾਰ ਬੱਚੇ ਪੈਦਾ ਕਰਨ ਵਾਲੇ ਜੋੜਿਆਂ ਨੂੰ ਬੋਰਡ ਵੱਲੋਂ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਹਾਲਾਂਕਿ ਇਸ ਐਲਾਨ ਉਤੇ ਬਹਿਸ ਸ਼ੁਰੂ ਹੋਣ ਪਿੱਛੋਂ ਰਾਜੋਰੀਆ ਨੂੰ ਸਪੱਸ਼ਟੀਕਰਨ ਦੇਣਾ ਪਿਆ। ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਵਿੱਚ ਬ੍ਰਾਹਮਣ ਭਾਈਚਾਰੇ ਦੀ ਆਬਾਦੀ ਵਿੱਚ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਪੱਧਰ ‘ਤੇ ਕੋਈ ਇਨਾਮੀ ਸਕੀਮ ਸ਼ੁਰੂ ਨਹੀਂ ਕੀਤੀ ਗਈ ਹੈ। ਇਹ ਇਨਾਮ ਉਹ ਦੇਣਗੇ।
ਕਾਨਫ਼ਰੰਸ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਅਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਘੱਟੋ-ਘੱਟ ਚਾਰ (ਬੱਚੇ) ਹੋਣੇ ਚਾਹੀਦੇ ਹਨ। ਪਰਸ਼ੂਰਾਮ ਕਲਿਆਣ ਬੋਰਡ ਸਮਾਜ ਦੇ ਚਾਰ ਬੱਚੇ ਰੱਖਣ ਵਾਲਿਆਂ ਨੂੰ 1 ਲੱਖ ਰੁਪਏ ਦਾ ਇਨਾਮ ਦੇਵੇਗਾ। ਰਾਜੋਰੀਆ ਨੇ ਇਹ ਵੀ ਕਿਹਾ ਕਿ ਇਹ ਇਨਾਮ ਪਰਸ਼ੂਰਾਮ ਕਲਿਆਣ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਵਾਲੇ ਕਿਸੇ ਵੀ ਵਿਅਕਤੀ ਵੱਲੋਂ ਦਿੱਤਾ ਜਾਵੇਗਾ, ਭਾਵੇਂ ਉਹ ਭਵਿੱਖ ਵਿੱਚ ਇਸ ਅਹੁਦੇ ‘ਤੇ ਰਹਿੰਦੇ ਹਨ ਜਾਂ ਨਹੀਂ।
ਸਰਕਾਰ ਨੇ ਕੋਈ ਸਕੀਮ ਸ਼ੁਰੂ ਨਹੀਂ ਕੀਤੀ
ਕਾਨਫਰੰਸ ਵਿਚ ਕੀਤੇ ਗਏ ਐਲਾਨ ਬਾਰੇ ਪੁੱਛੇ ਜਾਣ ‘ਤੇ ਰਾਜੋਰੀਆ ਨੇ ਸੋਮਵਾਰ ਨੂੰ ਕਿਹਾ, “ਇਸ ਕਾਨਫਰੰਸ ਦੌਰਾਨ 58 ਜੋੜਿਆਂ ਦੇ ਵਿਆਹ ਤੈਅ ਕੀਤੇ ਗਏ ਹਨ। ਮੈਂ ਕਾਨਫ਼ਰੰਸ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਅਤੇ ਮੁਟਿਆਰਾਂ ਲਈ ਐਲਾਨ ਕੀਤਾ ਸੀ ਕਿ ਜੇਕਰ ਉਹ ਵਿਆਹ ਤੋਂ ਬਾਅਦ ਚਾਰ ਬੱਚੇ ਪੈਦਾ ਕਰਦੇ ਹਨ ਤਾਂ ਉਨ੍ਹਾਂ ਨੂੰ ਮੇਰੇ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਇਸ ਇਨਾਮੀ ਰਾਸ਼ੀ ਦਾ ਪ੍ਰਬੰਧ ਉਨ੍ਹਾਂ ਦਾ ਨਿੱਜੀ ਹੋਵੇਗਾ। ਰਾਜੋਰੀਆ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਬ੍ਰਾਹਮਣਾਂ ਦੀ ਆਬਾਦੀ ਸਾਲ 1951 ਦੇ ਮੁਕਾਬਲੇ ਅੱਧੀ ਰਹਿ ਗਈ ਹੈ।