ਪਿੰਡ ਸਵਾਲ ਦੇ ਪੋਲਿੰਗ ਬੂਥ ‘ਤੇ ਚੱਲੇ ਤੇਜ਼ਧਾਰ ਹਥਿਆਰ, ਚਾਰ ਫੱਟੜ – News18 ਪੰਜਾਬੀ

SANDEEP OBEROI
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਵਾਲ ਵਿਖੇ ਅੱਜ ਦੁਪਹਿਰ ਨੂੰ ਪੋਲਿੰਗ ਸਟੇਸ਼ਨ ਨੰਬਰ 116 ਤੇ ਦੋ ਧਿਰਾਂ ਵਿੱਚ ਖੂਨੀ ਤਕਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਅਤੇ ਇਸ ਦੌਰਾਨ ਤੇਜ਼ਧਾਰ ਹਥਿਆਰ ਵੀ ਚੱਲੇ ਹਨ ਅਤੇ ਦੋਵਾਂ ਧਿਰਾਂ ਦੇ ਦੋ ਦੋ ਵਿਅਕਤੀ ਜਖਮੀ ਹੋਏ ਹਨ।
ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਤਰਲੌਕ ਸਿੰਘ ਨਿਵਾਸੀ ਪਿੰਡ ਸਵਾਲ ਨੇ ਦੱਸਿਆ ਕਿ ਦੂਜੀ ਧਿਰ ਵੱਲੋਂ ਪੋਲਿੰਗ ਬੂਥ ਦੇ ਅੰਦਰ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਸਨ । ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਦੂਸਰੀ ਧਿਰ ਵੱਲੋਂ ਸਾਡੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਮੈ ਅਤੇ ਮੇਰਾ ਸਾਥੀ ਰਣਜੀਤ ਸਿੰਘ ਜ਼ਖਮੀ ਹੋ ਗਿਆ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਜੋ ਵਿਅਕਤੀ ਜਾਅਲੀ ਵੋਟਿੰਗ ਕਰਵਾ ਰਹੇ ਸਨ। ਉਹਨਾਂ ਦੇ ਵਿਰੁੱਧ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਿਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਿਲ ਕਰਵਾਇਆ ਗਿਆ ਹੈ।
ਦੂਸਰੀ ਧਿਰ ਵੱਲੋਂ ਯੋਗਰਾਜ ਸਿੰਘ ਅਤੇ ਸ਼ਿੰਗਾਰਾ ਸਿੰਘ ਨੇ ਇਹਨਾਂ ਆਰੋਪਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ । ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਸਾਡੇ ਘਰ ਦੇ ਅੰਦਰ ਦਾਖਲ ਹੋ ਕੇ ਹਮਲਾ ਕੀਤਾ। ਜਿਸ ਦੌਰਾਨ ਅਸੀਂ ਜਖਮੀ ਹੋ ਗਏ । ਉਹਨਾਂ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੋਵੇਂ ਵਿਆਕਤੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਇਲਾਜ ਅਧੀਨ ਹਨ।
ਹਾਲਾਂਕਿ ਮੌਕੇ ਉਤੇ ਪਹੁੰਚ ਕੇ ਪ੍ਰਸ਼ਾਸਨ ਵੱਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਹੈ ਅਤੇ ਪੋਲਿੰਗ ਨਿਰਵਿਘਨ ਜਾਰੀ ਰਹੀ।
- First Published :