ਹਿਮਾਚਲ ਪ੍ਰਦੇਸ਼ ‘ਚ ਜ਼ਮੀਨ ਦੇ ਅੰਦਰ ਬਣੇਗੀ 85 ਕਿਲੋਮੀਟਰ ਸੜਕ! 126 ਕਿਲੋਮੀਟਰ ਘੱਟ ਹੋ ਜਾਵੇਗਾ ਸਫ਼ਰ

ਭਾਰਤ ਸਰਕਾਰ ਵੱਲੋਂ ਲਗਾਤਾਰ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਜਿਸ ਦੇ ਨਾਲ ਲੰਮਾ ਸਫ਼ਰ ਤੈਅ ਕਰਨ ‘ਚ ਹੁਣ ਜ਼ਿਆਦਾ ਸਮਾਂ ਨਹੀਂ ਲੱਗ ਰਿਹਾ। ਹਿਮਾਚਲ ਪ੍ਰਦੇਸ਼ ‘ਚ ਵੀ ਇਸ ਤਰ੍ਹਾਂ ਦਾ ਪ੍ਰਾਜੈਕਟ ਚੱਲ ਰਿਹਾ ਹੈ ਜਿਸ ਦੇ ਨਾਲ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਫਾਇਦਾ ਮਿਲੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇਸ਼ ਵਿੱਚ ਬਹੁਤ ਸਾਰੇ ਹਾਈਵੇਅ ਅਤੇ ਐਕਸਪ੍ਰੈਸਵੇਅ ਬਣਾਉਂਦਾ ਹੈ, ਤਾਂ ਜੋ ਸੰਪਰਕ ਨੂੰ ਮਜ਼ਬੂਤ ਕੀਤਾ ਜਾ ਸਕੇ।
ਫਿਲਹਾਲ ਹਿਮਾਚਲ ਪ੍ਰਦੇਸ਼ ਦੇ ਕਈ ਹਾਈਵੇਅ ‘ਤੇ ਕੰਮ ਚੱਲ ਰਿਹਾ ਹੈ। ਇਸ ਪ੍ਰਾਜੈਕਟ ਤਹਿਤ 8 ਲੇਨ, 4 ਲੇਨ ਅਤੇ ਐਲੀਵੇਟਿਡ ਐਕਸਪ੍ਰੈਸ ਵੇਅ ਬਣਾਇਆ ਜਾ ਰਿਹਾ ਹੈ। ਇਸ ਵਿੱਚ 85 ਕਿਲੋਮੀਟਰ ਸੜਕ ਜ਼ਮੀਨਦੋਜ਼ ਕੀਤੀ ਜਾਵੇਗੀ। ਇਸ ਦੇ ਲਈ NHAI ਨੇ ਕੇਂਦਰ ਸਰਕਾਰ ਅਤੇ ਵਾਤਾਵਰਣ ਮੰਤਰਾਲੇ ਤੋਂ ਮਨਜ਼ੂਰੀ ਲਈ ਹੈ।
NHAI ਦਾ ਇਹ ਨਵਾਂ ਪ੍ਰੋਜੈਕਟ ਕੀ ਹੈ?
ਹਿਮਾਚਲ ਪ੍ਰਦੇਸ਼ ਵਿੱਚ 85 ਕਿਲੋਮੀਟਰ ਲੰਬਾ ਹਾਈਵੇਅ ਬਣਾਇਆ ਜਾਵੇਗਾ, ਜਿਸ ਵਿੱਚ ਕਈ ਸੁਰੰਗਾਂ ਬਣਾਈਆਂ ਜਾਣਗੀਆਂ। ਇਸ ਵਿੱਚ 8 ਲੇਨ, 4 ਲੇਨ ਅਤੇ ਐਲੀਵੇਟਿਡ ਐਕਸਪ੍ਰੈਸਵੇਅ ਵੀ ਬਣਾਏ ਜਾਣਗੇ, ਟੋਲ ਟੈਕਸ ਦੇਣ ਲਈ ਇੱਥੇ ਰੁਕਣ ਦੀ ਲੋੜ ਨਹੀਂ ਹੋਵੇਗੀ। ਇਸ ਵਿੱਚ ਆਟੋਮੈਟਿਕ ਟੋਲ ਸਿਸਟਮ ਦੇ ਨਾਲ ਕਈ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ। ਜਾਣਕਾਰੀ ਮੁਤਾਬਕ ਇਸ ਸਬੰਧੀ 50 ਫੀਸਦੀ ਤੋਂ ਵੱਧ ਰਿਪੋਰਟ ਤਿਆਰ ਹੋ ਚੁੱਕੀ ਹੈ।
ਘੱਟ ਹੋਵੇਗੀ ਯਾਤਰਾ ਦੀ ਦੂਰੀ
ਸੁਰੰਗਾਂ ਦੇ ਨਿਰਮਾਣ ਨਾਲ ਸਫ਼ਰ ਆਸਾਨ ਹੋ ਜਾਵੇਗਾ। ਰਿਪੋਰਟਾਂ ਮੁਤਾਬਕ 4 ਲੇਨਾਂ ਨਾਲ 126 ਕਿਲੋਮੀਟਰ ਦੀ ਦੂਰੀ ਘੱਟ ਕੀਤੀ ਜਾ ਸਕਦੀ ਹੈ, ਜਿਸ ਦਾ ਮਤਲਬ ਹੈ ਕਿ 13 ਘੰਟੇ ਦਾ ਸਫਰ ਸਮਾਂ ਘੱਟ ਜਾਵੇਗਾ। ਕੁਦਰਤੀ ਆਫ਼ਤਾਂ ਕਾਰਨ ਹਿਮਾਚਲ ਨੂੰ ਭਾਰੀ ਨੁਕਸਾਨ ਹੁੰਦਾ ਹੈ, ਇਸ ਪ੍ਰਾਜੈਕਟ ਦੇ ਆਉਣ ਨਾਲ ਆਵਾਜਾਈ ਪ੍ਰਭਾਵਿਤ ਨਹੀਂ ਹੋਵੇਗੀ।ਇਸ ਸਮੇਂ ਰਾਜ ਵਿੱਚ ਪਠਾਨਕੋਟ-ਮੰਡੀ, ਕਾਲਕਾ-ਸ਼ਿਮਲਾ, ਸ਼ਿਮਲਾ-ਮਟੌਰ, ਕੀਰਤਪੁਰ-ਮਨਾਲੀ ਅਤੇ ਪਿੰਜੌਰ-ਨਾਲਾਗੜ੍ਹ ਨੈਸ਼ਨਲ ਹਾਈਵੇਅ ਬਣਾਏ ਜਾ ਰਹੇ ਹਨ।
ਸਰਵੇਖਣ ਤੋਂ ਬਾਅਦ ਲਿਆ ਫੈਸਲਾ
ਹਰ ਸਾਲ ਭਾਰੀ ਮੀਂਹ ਕਾਰਨ ਦੇਸ਼ ਦੇ ਕਈ ਰਾਜਾਂ ਵਿੱਚ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹਿਮਾਚਲ ਪ੍ਰਦੇਸ਼ ਨੂੰ ਵੀ ਕੁਦਰਤੀ ਆਫ਼ਤਾਂ ਕਾਰਨ ਭਾਰੀ ਨੁਕਸਾਨ ਹੁੰਦਾ ਹੈ। ਪਿਛਲੀ ਵਾਰ ਸਭ ਤੋਂ ਵੱਧ ਨੁਕਸਾਨ ਕੀਰਤਪੁਰ-ਮਨਾਲੀ ਹਾਈਵੇਅ ‘ਤੇ ਕੁੱਲੂ ਅਤੇ ਮੰਡੀ ‘ਚ ਹੋਇਆ ਸੀ। ਇਨ੍ਹਾਂ ਸੜਕਾਂ ਨੂੰ ਸਾਫ਼ ਹੋਣ ਵਿੱਚ ਕਈ ਦਿਨ ਲੱਗ ਜਾਂਦੇ ਹਨ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕੁਝ ਸਰਵੇਖਣ ਕਰਨ ਤੋਂ ਬਾਅਦ ਹਾਈਵੇਅ ‘ਤੇ ਸੁਰੰਗ ਬਣਾਉਣ ਦੀ ਯੋਜਨਾ ਐਨ.ਐਚ.ਏ.ਆਈ. ਨੂੰ ਦਿੱਤੀ ਗਈ ਸੀ।