ਚੀਨ ਨੇ ਅਚਾਨਕ ਤਾਈਵਾਨ ਨੂੰ ਚੁਫੇਰਿਓਂ ਘੇਰਿਆ, ਲੜਾਕੂ ਜੈਟ ਤੇ ਜੰਗੀ ਬੇੜੇ ਤਾਇਨਾਤ, ਤਣਾਅ ਵਾਲਾ ਮਾਹੌਲ

ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਚੀਨ ਨੇ ਇੱਕ ਵਾਰ ਫਿਰ ਤਾਇਵਾਨ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰ ਉਸ ਨੇ ਤਾਇਵਾਨ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਹਾਲਾਂਕਿ, ਚੀਨ ਨੇ ਤਾਈਵਾਨ ਦੇ ਆਲੇ-ਦੁਆਲੇ ਜੰਗੀ ਬੇੜੇ ਅਤੇ ਲੜਾਕੂ ਜਹਾਜ਼ਾਂ ਨੂੰ ਹਮਲੇ ਲਈ ਨਹੀਂ, ਸਗੋਂ ਫੌਜੀ ਅਭਿਆਸਾਂ ਲਈ ਤਾਇਨਾਤ ਕੀਤਾ ਹੈ।
ਤਾਈਵਾਨ ਦੇ ਰਾਸ਼ਟਰਪਤੀ ਦੇ ਤਾਜ਼ਾ ਭਾਸ਼ਣ ਤੋਂ ਚੀਨ ਕਾਫੀ ਨਾਰਾਜ਼ ਹੈ। ਇਹੀ ਕਾਰਨ ਹੈ ਕਿ ਚੀਨ ਨੇ ਲੜਾਕੂ ਜਹਾਜ਼ ਅਤੇ ਜਲ ਸੈਨਾ ਦੇ ਜਹਾਜ਼ ਤਾਇਨਾਤ ਕੀਤੇ ਹਨ। ਡਰੈਗਨ ਨੇ ਕਾਹਲੀ ਨਾਲ ਤਾਈਵਾਨ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਇਹ ਤਾਈਵਾਨ ਨੂੰ ਡਰਾਉਣ ਦੀ ਕੋਸ਼ਿਸ਼ ਮੰਨੀ ਜਾ ਰਹੀ ਹੈ। ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਜਦਕਿ ਤਾਈਵਾਨ ਆਪਣੇ ਆਪ ਨੂੰ ਆਜ਼ਾਦ ਮੰਨਦਾ ਹੈ। ਚੀਨ ਦੀਆਂ ਧਮਕੀਆਂ ਦੇ ਵਿਚਕਾਰ ਤਾਈਵਾਨ ਨੇ ਵੀਰਵਾਰ ਨੂੰ ਆਪਣਾ ਰਾਸ਼ਟਰੀ ਦਿਵਸ ਮਨਾਇਆ।
ਸਭ ਤੋਂ ਪਹਿਲਾਂ ਚੀਨ ਨੇ ਤਾਈਵਾਨ ਦੇ ਰਾਸ਼ਟਰਪਤੀ ਵਿਲੀਅਮ ਲਾਈ ਚਿੰਗ ਤੇ ਦੇ ਭਾਸ਼ਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਫਿਰ ਇਸ ਦੀ ਫੌਜ ਯਾਨੀ ਪੀਐਲਏ (ਪੀਪਲਜ਼ ਲਿਬਰੇਸ਼ਨ ਆਰਮੀ) ਨੇ ਤਾਇਵਾਨ ਦੇ ਆਲੇ-ਦੁਆਲੇ ਨਾਕਾਬੰਦੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਚੀਨ ਨੇ ਤਾਇਵਾਨ ਨੂੰ ਹਰ ਪਾਸਿਓਂ ਘੇਰ ਲਿਆ ਹੈ। ਇਸ ਦਾ ਉਦੇਸ਼ ਆਪਣੇ ਆਪ ਨੂੰ ਹਮਲੇ ਲਈ ਹਰ ਤਰ੍ਹਾਂ ਨਾਲ ਤਿਆਰ ਰੱਖਣਾ ਹੈ। ਹਾਲਾਂਕਿ ਪੀਐੱਲਏ ਦੀ ਪੂਰਬੀ ਥੀਏਟਰ ਕਮਾਂਡ ਦੇ ਬੁਲਾਰੇ ਨੇਵਲ ਦੇ ਸੀਨੀਅਰ ਕੈਪਟਨ ਲੀ ਸ਼ੀ ਦਾ ਕਹਿਣਾ ਹੈ ਕਿ ਇਹ ਅਭਿਆਸ ਪੀਐੱਲਏ ਦੀ ਸਾਂਝੀ ਸੰਚਾਲਨ ਸਮਰੱਥਾ ਨੂੰ ਪਰਖਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਪਰ ਅਸਲੀਅਤ ਇਹ ਹੈ ਕਿ ਚੀਨ ਇਸ ਫੌਜੀ ਪ੍ਰਦਰਸ਼ਨ ਨਾਲ ਤਾਈਵਾਨ ਨੂੰ ਡਰਾਉਣਾ ਚਾਹੁੰਦਾ ਹੈ।
ਲੜਾਕੂ ਜਹਾਜ਼ਾਂ ਰਾਹੀਂ ਅਭਿਆਸ
ਚੀਨ ਲੜਾਕੂ ਜਹਾਜ਼ਾਂ ਅਤੇ ਜੰਗੀ ਜਹਾਜ਼ਾਂ (ਨੇਵੀ ਦੇ ਜਹਾਜ਼ਾਂ) ਨਾਲ ਅਭਿਆਸ ਕਰ ਰਿਹਾ ਹੈ। ਤਾਈਵਾਨ ਦਾ ਕਹਿਣਾ ਹੈ ਕਿ ਉਸ ਨੇ 25 ਲੜਾਕੂ ਜਹਾਜ਼, ਸੱਤ ਨੇਵੀ ਜਹਾਜ਼ ਅਤੇ ਚਾਰ ਹੋਰ ਜਹਾਜ਼ ਦੇਖੇ ਹਨ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਸਵੇਰੇ ਇੱਕ ਪੋਸਟ ਵਿੱਚ ਕਿਹਾ ਕਿ ਸੋਮਵਾਰ ਸਵੇਰੇ 8 ਵਜੇ ਤੱਕ 25 PLA ਜਹਾਜ਼, ਸੱਤ PLAN ਜਹਾਜ਼ ਅਤੇ ਚਾਰ ਅਧਿਕਾਰਤ ਜਹਾਜ਼ ਤਾਈਵਾਨ ਦੇ ਆਲੇ-ਦੁਆਲੇ ਕੰਮ ਕਰਦੇ ਦੇਖੇ ਗਏ।
ਇਨ੍ਹਾਂ ਵਿੱਚੋਂ 16 ਜਹਾਜ਼ ਮੱਧ ਰੇਖਾ ਨੂੰ ਪਾਰ ਕਰਕੇ ਦੱਖਣ-ਪੱਛਮੀ ਤਾਈਵਾਨ ਵਿੱਚ ਦਾਖ਼ਲ ਹੋਏ। ਤੁਹਾਨੂੰ ਦੱਸ ਦਈਏ ਕਿ ਬੀਜਿੰਗ ਤਾਇਵਾਨ ਨੂੰ ਚੀਨ ਦੇ ਹਿੱਸੇ ਵਜੋਂ ਦੇਖਦਾ ਹੈ, ਜਿਸ ‘ਤੇ ਉਹ ਲੋੜ ਪੈਣ ‘ਤੇ ਤਾਕਤ ਨਾਲ ਕਬਜ਼ਾ ਕਰਨ ਦੀ ਗੱਲ ਕਰਦਾ ਰਿਹਾ ਹੈ। ਹਾਲਾਂਕਿ ਅਮਰੀਕਾ ਸਮੇਤ ਕਈ ਦੇਸ਼ ਤਾਇਵਾਨ ਦੇ ਨਾਲ ਖੜ੍ਹੇ ਹਨ।