ਆਪਣੀ ਮਾਂ ਬਾਰੇ ਗੱਲਾਂ ਕਰਦੇ ਭਾਵੁਕ ਹੋਏ ਅੰਮ੍ਰਿਤ ਮਾਨ ‘ਤੇ ਜੱਸ ਬਾਜਵਾ, ਦੇਖੋ Video

ਪੰਜਾਬੀ ਫਿਲਮ ‘ਸ਼ੁਕਰਾਨਾ’ 27 ਸਤੰਬਰ 2024 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਵਿੱਚ ਪੰਜਾਬੀ ਅਦਾਕਾਰਾ ਨੀਰੂ ਬਾਜਵਾ, ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਅਤੇ ਜੱਸ ਬਾਜਵਾ ਮੱਖ ਅਦਾਕਾਰ ਵਜੋਂ ਨਜ਼ਰ ਆਉਣਗੇ। ਹਾਲ ਹੀ ਦੇ ਵਿੱਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਿਆਰ ਮਿਲਿਆ ਸੀ। ਹੁਣ 3 ਕਲਾਕਾਰ ਫਿਲਮ ਦੀ ਜੋਰਾਂ-ਸ਼ੋਰਾਂ ਨਾਲ ਪ੍ਰੋਮੋਸ਼ਨ ਕਰ ਰਹੇ ਹਨ।
ਇਸੀ ਵਿਚਾਲੇ ‘ਸ਼ੁਕਰਾਨਾ’ ਟੀਮ ਨੇ ਨਿਊਜ਼ 18 ਨਾਲ ਗੱਲਬਾਤ ਕੀਤੀ। ਇਸ ਦੌਰਾਨ ਗਾਇਕ ਅੰਮ੍ਰਿਤ ਮਾਨ ਆਪਣੀ ਮਾਂ ਬਾਰੇ ਗੱਲ ਕਰਦਿਆਂ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਮਾਂ-ਬਾਪ ਦਾ ਵਿਛੋੜਾ ਇਸ ਦੁਨੀਆਂ ਦਾ ਸਭ ਤੋਂ ਡੂੰਘਾ ਦੁੱਖ ਹੈ, ਜਿਸ ਨੂੰ ਜ਼ਿੰਦਗੀ ਵਿੱਚ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਸੀ।
ਇਸ ਦੌਰਾਨ ਗਾਇਕ ਜੱਸ ਬਾਜਵਾ ਵੀ ਆਪਣੇ ਪਰਿਵਾਰ ਬਾਰੇ ਦੱਸਿਆ। ਜੱਸ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਵੀ ਉਨ੍ਹਾਂ ਨੂੰ ਛੋਟੇ ਹੁੰਦਿਆਂ ਹੀ ਛੱਡ ਦਿੱਤਾ ਸੀ ਅਤੇ ਅੱਜ ਤੱਕ ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਨਾਨੀ ਨੇ ਕੀਤਾ ਹੈ। ਗਾਇਕ ਨੇ ਭਾਵੁਕ ਹੋ ਕੇ ਕਿਹਾ ਕਿ ਮੈਂ ਆਪਣੀ ਮਾਂ ਨੂੰ ਬਹੁਤ ਤਰਸਦਾ ਹਾਂ ਜੇਕਰ ਅੱਜ ਮੇਰੀ ਮਾਂ ਹੁੰਦੀ ਤਾਂ ਉਹ ਮੇਰੀ ਜ਼ਿੰਦਗੀ ਦਾ ਇਹ ਸਮਾਂ ਦੇਖਦੀ। ਉਨ੍ਹਾਂ ਨੇ ਕਿਹਾ ਕਿ ਮੇਰੀ ਨਾਨੀ ਨੇ ਅੱਜ ਤੱਕ ਜੋ ਵੀ ਕੀਤਾ ਉਸਦਾ ਕਰਜ਼ ਮੈਂ ਕਦੇ ਨਹੀਂ ਮੋੜ ਸਕਦਾ।
ਦੱਸ ਦੇਈਏ ਕਿ ‘ਵਿਲੇਜ਼ਰ ਫਿਲਮ ਸਟੂਡੀਓ’ ਅਤੇ ‘ਨਿਊ ਇਰਾ ਮੋਸ਼ਨ ਪਿਕਚਰਜ਼’ ਵੱਲੋਂ ‘ਨੀਰੂ ਬਾਜਵਾ ਐਂਟਰਟੇਨਮੈਂਟ’ ਦੇ ਸਹਿਯੋਗ ਨਾਲ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਦਿਲਚਸਪ ਡਰਾਮਾ ਅਤੇ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਸੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਇਹ ਫਿਲਮ ਇੱਕ ਪਰਿਵਾਰਕ ਫਿਲਮ ਹੈ । ਇਹ ਫਿਲਮ ਇੱਕ ਕੁੜੀ ਦੀ ਕਹਾਣੀ ਨੂੰ ਦਰਸਾਉਂਦੀ ਹੈ ਕਿ ਕਿਵੇਂ ਹਾਲਾਤਾਂ ਦੇ ਚੱਲਦੇ ਉਸ ਨੂੰ ਪਤੀ ਦੀ ਮੌਤ ਮਗਰੋਂ ਦਿਉਰ ਨਾਲ ਵਿਆਹ ਕਰਵਾਉਣ ਲਈ ਮ਼ਜ਼ਬੂਰ ਕੀਤਾ ਜਾਂਦਾ ਹੈ। ਇਸ ਫਿਲਮ ਦੇ ਨਿਰਮਾਤਾ ਭਗਵੰਤ ਵਿਰਕ, ਲੱਕੀ ਕੌਰ, ਸੰਤੋਸ਼ ਸੁਭਾਸ਼ ਥਿਟੇ, ਸਹਿ ਨਿਰਮਾਣਕਾਰ ਵਿਆਨ ਪਾਠਕ, ਅਮਰਿੰਦਰ ਭੰਗੂ, ਰਿੰਪੀ ਖਹਿਰਾ, ਬੰਟੀ ਸੰਧੂ, ਲੇਖਕ ਜਗਦੀਪ ਵੜਿੰਗ, ਸਿਨੇਮਾਟੋਗ੍ਰਾਫ਼ਰ ਸੰਦੀਪ ਪਾਟਿਲ, ਸੰਪਾਦਕ ਰੋਹਿਤ ਧੀਮਾਨ, ਕਲਾ ਨਿਰਦੇਸ਼ਕ ਰੋਮੀ ਆਰਟਸ, ਕਾਰਜਕਾਰੀ ਨਿਰਮਾਤਾ ਚਰਨਜੀਤ ਸਿੰਘ, ਮਨਦੀਪ ਸਿੰਘ, ਲਾਈਨ ਨਿਰਮਾਤਾ ਸੰਨੀ ਸਿੰਘ ਅਤੇ ਬੈਕਗਰਾਊਂਡ ਸਕੋਰਰ ਸੰਦੀਪ ਸਕਸੈਨਾ ਹਨ।