Rain Alert:18 ਅਕਤੂਬਰ ਤੱਕ ਅਲਰਟ, 65 ਹਜ਼ਾਰ ਵਾਲੰਟੀਅਰ ਤਿਆਰ, ਰਾਸ਼ਨ-ਪਾਣੀ ਇਕੱਠਾ ਕਰਨ ਦੇ ਹੁਕਮ

IMD Rain Alert: ਬੰਗਾਲ ਦੀ ਖਾੜੀ ਵਿਚ ਇਕ ਵਾਰ ਫਿਰ ਹਲਚਲ ਵਧ ਗਈ ਹੈ। ਹਿੰਦ ਮਹਾਸਾਗਰ ‘ਚ ਹਾਲਾਤ ਵਿਗੜਨ ਕਾਰਨ ਤੱਟਵਰਤੀ ਖੇਤਰਾਂ ਦੇ ਮੌਸਮ ‘ਚ ਵੱਡੇ ਬਦਲਾਅ ਦੀ ਸੰਭਾਵਨਾ ਹੈ। ਆਪਣੇ ਤਾਜ਼ਾ ਅਪਡੇਟ ਵਿੱਚ ਭਾਰਤੀ ਮੌਸਮ ਵਿਭਾਗ (IMD) ਨੇ ਤਾਮਿਲਨਾਡੂ, ਕਰਨਾਟਕ ਅਤੇ ਕੇਰਲ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਖਾਸ ਤੌਰ ਉਤੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਅਤੇ ਆਸਪਾਸ ਦੇ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦੁੱਧ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਦਾ ਸਟਾਕ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਦੱਸਿਆ ਕਿ ਹੁਣ ਤੱਕ 65 ਹਜ਼ਾਰ ਵਾਲੰਟੀਅਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਦੇ ਨਾਲ ਹੀ ਲੋੜ ਪੈਣ ‘ਤੇ NDRF ਦੀ ਮਦਦ ਵੀ ਲਈ ਜਾਵੇਗੀ।
ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਮੁਤਾਬਕ ਤਾਮਿਲਨਾਡੂ, ਕਰਨਾਟਕ, ਕੇਰਲ ਵਰਗੇ ਸੂਬਿਆਂ ‘ਚ ਅਗਲੇ 5 ਤੋਂ 6 ਦਿਨਾਂ ਤੱਕ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਲਗਾਤਾਰ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਣਾ ਯਕੀਨੀ ਹੈ। ਆਈਐਮਡੀ ਦੇ ਅਨੁਸਾਰ ਹਿੰਦ ਮਹਾਸਾਗਰ ਨਾਲ ਜੁੜੇ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬੀ ਹਿੱਸੇ ਵਿੱਚ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੈ।
ਇਸ ਦੇ ਪ੍ਰਭਾਵ ਕਾਰਨ 14 ਅਕਤੂਬਰ ਤੱਕ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣ ਜਾਵੇਗਾ। ਇਸ ਕਾਰਨ ਤੱਟਵਰਤੀ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਖਾਸ ਕਰਕੇ ਤਾਮਿਲਨਾਡੂ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਅਪਡੇਟ ਤੋਂ ਬਾਅਦ ਸਰਕਾਰ ਤੋਂ ਲੈ ਕੇ ਪ੍ਰਸ਼ਾਸਨ ਤੱਕ ਹਰ ਕੋਈ ਸਰਗਰਮ ਹੋ ਗਿਆ ਹੈ।
ਜ਼ਰੂਰੀ ਵਸਤਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ
ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਤਾਮਿਲਨਾਡੂ ਸਰਕਾਰ ਸਰਗਰਮ ਹੋ ਗਈ ਹੈ। ਮੰਤਰੀ ਕੇਐਸਐਸਆਰ ਰਾਮਚੰਦਰਨ ਨੇ ਕਿਹਾ ਕਿ ਅਗਲੇ ਹਫ਼ਤੇ ਹੋਣ ਵਾਲੀ ਭਾਰੀ ਬਾਰਸ਼ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੈਵੇਨਿਊ ਅਤੇ ਡਿਜ਼ਾਸਟਰ ਮੈਨੇਜਮੈਂਟ ਨੇ ਕਿਹਾ ਹੈ ਕਿ ਉਨ੍ਹਾਂ ਇਲਾਕਿਆਂ ‘ਚ ਰਾਹਤ ਕਾਰਜ ਕੀਤੇ ਜਾਣਗੇ ਜਿੱਥੇ 10 ਤੋਂ 20 ਸੈਂਟੀਮੀਟਰ ਦੇ ਵਿਚਕਾਰ ਬਾਰਿਸ਼ ਹੋਵੇਗੀ।
ਮੰਤਰੀ ਰਾਮਚੰਦਰਨ ਨੇ ਕਿਹਾ ਕਿ 15, 16, 17 ਅਤੇ 18 ਅਕਤੂਬਰ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਚੇਨਈ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਇਸ ਦਾ ਵਿਆਪਕ ਪ੍ਰਭਾਵ ਪੈਣ ਦੀ ਉਮੀਦ ਹੈ। ਅਜਿਹੇ ‘ਚ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਨਿਰਦੇਸ਼ਾਂ ‘ਤੇ ਅਧਿਕਾਰੀ 24 ਘੰਟੇ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਦੁੱਧ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਦਾ ਸਟਾਕ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
65000 ਵਲੰਟੀਅਰ ਤਿਆਰ ਹਨ
ਤਾਮਿਲਨਾਡੂ ਦੇ ਮੰਤਰੀ ਰਾਮਚੰਦਰਨ ਨੇ ਦੱਸਿਆ ਕਿ ਲਗਭਗ 65 ਹਜ਼ਾਰ ਵਾਲੰਟੀਅਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਲੋੜ ਪੈਣ ‘ਤੇ ਉਨ੍ਹਾਂ ਦੀ ਮਦਦ ਲਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੋਬਾਈਲ ਐਪ ਰਾਹੀਂ ਮੌਸਮ ਦੇ ਪੈਟਰਨ ਬਾਰੇ ਲਗਾਤਾਰ ਅੱਪਡੇਟ ਲੋਕਾਂ ਨੂੰ ਭੇਜੇ ਜਾਣਗੇ। ਲੋੜ ਪੈਣ ‘ਤੇ NDRF ਦੀ ਵੀ ਮਦਦ ਲਈ ਜਾਵੇਗੀ। ਸ਼ਨੀਵਾਰ ਨੂੰ ਕਰਾਈਕੁੜੀ, ਤਿਰੂਚਿਰਾਪੱਲੀ, ਨੇਯੂਰ, ਇਰੋਡ ਅਤੇ ਵਰਤੂਪੱਲਮ ‘ਚ ਭਾਰੀ ਮੀਂਹ ਪਿਆ।