ਦੁਸਹਿਰੇ ਮੌਕੇ ਵੱਡਾ ਹਾਦਸਾ, ਨਹਿਰ ‘ਚ ਡਿੱਗੀ ਕਾਰ, ਔਰਤਾਂ ਤੇ ਬੱਚਿਆਂ ਸਣੇ ਇਕੋ ਪਰਿਵਾਰ ਦੇ 7 ਜੀਆਂ ਦੀ ਮੌਤ

Haryana Car Accident: ਹਰਿਆਣਾ ਵਿਚ ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਕਾਰ ਦੇ ਨਹਿਰ ਵਿੱਚ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਘਟਨਾ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਗੱਡੀ ਨੂੰ ਨਹਿਰ ‘ਚੋਂ ਬਾਹਰ ਕੱਢਿਆ, ਹਾਲਾਂਕਿ, ਇਸ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਗੱਡੀ ਦੇ ਨੰਬਰ ਤੋਂ ਪਤਾ ਲੱਗਾ ਕਿ ਇਹ ਆਲਟੋ ਝੱਜਰ ਦੀ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਕੈਥਲ ਜ਼ਿਲੇ ਦੇ ਮੁੰਦੜੀ ਵਿਚ ਵਾਪਰਿਆ। ਇੱਥੇ ਇੱਕ ਓਵਰ ਸਪੀਡ ਆਲਟੋ ਕਾਰ ਸਿਰਸਾ ਬ੍ਰਾਂਚ ਨਹਿਰ ਵਿੱਚ ਜਾ ਡਿੱਗੀ। ਘਟਨਾ ਤੋਂ ਬਾਅਦ ਸਥਾਨਕ ਲੋਕ ਰੱਸੀਆਂ ਲੈ ਕੇ ਉੱਥੇ ਪਹੁੰਚੇ। ਹਾਲਾਂਕਿ ਜਦੋਂ ਤੱਕ ਲੋਕਾਂ ਨੇ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ, ਉਦੋਂ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਸੀ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਰ ਵਿੱਚ ਕੁੱਲ ਸੱਤ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਤਿੰਨ ਔਰਤਾਂ, ਡਰਾਈਵਰ ਅਤੇ ਤਿੰਨ ਬੱਚੇ ਸਨ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਆਲਟੋ ਨੇ ਨਹਿਰ ਦੇ ਕੋਲ ਤੇਜ਼ ਮੋੜ ਕੱਟਿਆ ਅਤੇ ਸਿੱਧੀ ਨਹਿਰ ‘ਚ ਜਾ ਡਿੱਗੀ। ਫਿਲਹਾਲ ਇਨ੍ਹਾਂ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਪਹੁੰਚਾਇਆ ਹੈ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਕਾਰ ਸਵਾਰ ਇੱਕੋ ਪਰਿਵਾਰ ਦੇ ਸਨ।
ਲੋਕਾਂ ਨੇ ਕਾਰ ਨੂੰ ਬਾਹਰ ਕੱਢਿਆ
ਘਟਨਾ ਤੋਂ ਬਾਅਦ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਲੋਕ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢ ਰਹੇ ਹਨ। ਇਸ ਦੌਰਾਨ ਕੁਝ ਲੋਕ ਰੋਂਦੇ ਵੀ ਨਜ਼ਰ ਆ ਰਹੇ ਹਨ। ਇੱਕ ਵਿਅਕਤੀ ਕਾਰ ਦਾ ਸ਼ੀਸ਼ਾ ਤੋੜਦਾ ਨਜ਼ਰ ਆ ਰਿਹਾ ਹੈ। ਲੋਕਾਂ ਨੇ ਸਾਰਿਆਂ ਨੂੰ ਕਾਰ ‘ਚੋਂ ਬਾਹਰ ਕੱਢਿਆ ਅਤੇ ਫਿਰ ਹਸਪਤਾਲ ਲੈ ਗਏ। ਲੋਕਾਂ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਇੱਥੇ ਵਾਪਰਿਆ ਇਹ ਦੂਜਾ ਹਾਦਸਾ ਹੈ।