Big records made in the Multan Test played between Pakistan and England – News18 ਪੰਜਾਬੀ

Pakistan vs England, 1st Test at Multan: ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਮੁਲਤਾਨ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਕੁਝ ਵੱਡੇ ਰਿਕਾਰਡ ਬਣਾਏ ਗਏ। ਜਿਸ ਲਈ ਦੁਨੀਆ ਇਸ ਮੈਚ ਨੂੰ ਹਮੇਸ਼ਾ ਯਾਦ ਰੱਖੇਗੀ। ਇੰਗਲੈਂਡ ਨੇ ਮੁਲਤਾਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਪਾਰੀ ਅਤੇ 47 ਦੌੜਾਂ ਨਾਲ ਵੱਡੀ ਜਿੱਤ ਹਾਸਿਲ ਕੀਤੀ।
ਮੈਚ ਦਾ ਹੀਰੋ ਮੱਧ ਕ੍ਰਮ ਦਾ ਨੌਜਵਾਨ ਸਟਾਰ ਹੈਰੀ ਬਰੂਕ ਰਿਹਾ। ਜਿਸ ਨੇ 5ਵੇਂ ਸਥਾਨ ‘ਤੇ ਬੱਲੇਬਾਜ਼ੀ ਕਰਦੇ ਹੋਏ 322 ਗੇਂਦਾਂ ‘ਚ 317 ਦੌੜਾਂ ਦੀ ਸ਼ਾਨਦਾਰ ਤੀਹਰੇ ਸੈਂਕੜੇ ਵਾਲੀ ਪਾਰੀ ਖੇਡੀ। ਇੰਨਾ ਹੀ ਨਹੀਂ ਉਸ ਨੇ ਰੂਟ ਨਾਲ ਅਹਿਮ ਸਾਂਝੇਦਾਰੀ ਵੀ ਕੀਤੀ। ਜਿਸ ਕਾਰਨ ਟੀਮ ਪਹਿਲੀ ਪਾਰੀ ਵਿੱਚ 800 ਦਾ ਅੰਕੜਾ ਪਾਰ ਕਰ ਸਕੀ। ਮੈਚ ‘ਚ ਰੂਟ ਦੀ ਉਪਯੋਗੀ ਪਾਰੀ ਨੂੰ ਦੇਖਦੇ ਹੋਏ ਉਸ ਨੂੰ ‘ਪਲੇਅਰ ਆਫ ਦਾ ਮੈਚ’ ਦਾ ਐਵਾਰਡ ਦਿੱਤਾ ਗਿਆ ਹੈ।
ਮੈਚ ਦੌਰਾਨ ਕੁਝ ਵੱਡੇ ਰਿਕਾਰਡ ਵੀ ਬਣੇ। ਜਿਸ ਲਈ ਦੁਨੀਆ ਇਸ ਟੈਸਟ ਮੈਚ ਨੂੰ ਹਮੇਸ਼ਾ ਯਾਦ ਰੱਖੇਗੀ। ਉਹ ਰਿਕਾਰਡ ਇਸ ਪ੍ਰਕਾਰ ਹਨ-
ਇੰਗਲੈਂਡ ਲਈ ਜੋ ਰੂਟ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਸਕੋਰਰ ਬਣੇ
ਮੁਲਤਾਨ ‘ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਜੋ ਰੂਟ ਨੇ 262 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੌਰਾਨ ਰੂਟ ਨੇ ਕੁਝ ਵਿਸ਼ੇਸ਼ ਪ੍ਰਾਪਤੀਆਂ ਵੀ ਕੀਤੀਆਂ। ਇਹਨਾਂ ਪ੍ਰਾਪਤੀਆਂ ਵਿੱਚੋਂ ਇੱਕ ਖਾਸ ਪ੍ਰਾਪਤੀ ਇਹ ਰਹੀ ਕਿ ਉਹ ਇੰਗਲੈਂਡ ਲਈ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ । ਇੱਕ ਖਾਸ ਮਾਮਲੇ ‘ਚ ਰੂਟ ਨੇ ਆਪਣੇ ਸਾਬਕਾ ਸਾਥੀ ਕ੍ਰਿਕਟਰ ਐਲਿਸਟੇਅਰ ਕੁੱਕ (12472) ਨੂੰ ਹਰਾਇਆ ਹੈ। ਰੂਟ ਦੇ ਨਾਂ ਹੁਣ ਟੈਸਟ ਕ੍ਰਿਕਟ ‘ਚ 12664 ਦੌੜਾਂ ਹਨ।
ਰੂਟ ਅਤੇ ਬਰੁਕ ਇੰਗਲੈਂਡ ਲਈ ਸਭ ਤੋਂ ਵੱਡੀ ਸਾਂਝੇਦਾਰੀ ਵਾਲੀ ਜੋੜੀ ਬਣੇ
ਮੁਲਤਾਨ ਟੈਸਟ ਤੋਂ ਪਹਿਲਾਂ ਇੰਗਲੈਂਡ ਲਈ ਇੱਕ ਟੈਸਟ ਕ੍ਰਿਕਟ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਦਾ ਰਿਕਾਰਡ ਪੀਟਰ ਮੇਅ ਅਤੇ ਕੋਲਿਨ ਕਾਉਡਰੀ ਦੇ ਨਾਮ ਸੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ 1957 ‘ਚ ਵੈਸਟਇੰਡੀਜ਼ ਖਿਲਾਫ 411 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਪਰ ਇਹ ਖਾਸ ਰਿਕਾਰਡ ਹੁਣ ਰੂਟ ਐਂਡ ਬਰੁਕ ਦੇ ਨਾਂ ਦਰਜ ਹੋ ਗਿਆ ਹੈ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਪਿਛਲੇ ਮੈਚ ‘ਚ 454 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
500 ਦੌੜਾਂ ਬਣਾਉਣ ਦੇ ਬਾਵਜੂਦ ਹਾਰ ਗਿਆ ਪਾਕਿਸਤਾਨ
ਮੁਲਤਾਨ ਟੈਸਟ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ 556-10 ਦੌੜਾਂ ਬਣਾਉਣ ‘ਚ ਕਾਮਯਾਬ ਰਹੀ ਪਰ ਇਸ ਦੇ ਬਾਵਜੂਦ ਟੀਮ ਹਾਰ ਗਈ। ਟੈਸਟ ਕ੍ਰਿਕਟ ਦੇ 147 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਟੀਮ 500 ਦੌੜਾਂ ਬਣਾਉਣ ਤੋਂ ਬਾਅਦ ਵੀ ਮੈਚ ਹਾਰ ਗਈ ਹੋਵੇ।
ਬਰੂਕ ਨੇ ਲਗਾਇਆ ਟੈਸਟ ਕ੍ਰਿਕਟ ਵਿੱਚ ਦੂਜਾ ਸਭ ਤੋਂ ਤੇਜ਼ ਤੀਹਰਾ ਸੈਂਕੜਾ
ਮੈਚ ਦੌਰਾਨ ਹੈਰੀ ਬਰੂਕ ਨੇ ਵੀ ਵੱਡੀ ਨਿੱਜੀ ਪ੍ਰਾਪਤੀ ਕੀਤੀ। ਹੈਰੀ ਬਰੂਕ ਨੇ ਮੈਚ ਦੌਰਾਨ 310 ਗੇਂਦਾਂ ਵਿੱਚ ਤੀਹਰਾ ਸੈਂਕੜਾ ਲਗਾਇਆ, ਜੋ ਕਿ ਟੈਸਟ ਕ੍ਰਿਕਟ ਵਿੱਚ ਦੂਜਾ ਸਭ ਤੋਂ ਤੇਜ਼ ਤੀਹਰਾ ਸੈਂਕੜਾ ਹੈ। ਸਹਿਵਾਗ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਜਿਸ ਨੇ 2008 ‘ਚ ਸਿਰਫ 278 ਗੇਂਦਾਂ ‘ਚ ਤੀਹਰਾ ਸੈਂਕੜਾ ਪੂਰਾ ਕੀਤਾ ਸੀ।
ਪਾਕਿਸਤਾਨ ਖਿਲਾਫ ਟੈਸਟ ਕ੍ਰਿਕਟ ‘ਚ 800 ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣੀ ਇੰਗਲੈਂਡ
ਇੰਗਲੈਂਡ ਨੇ ਮੁਲਤਾਨ ਵਿੱਚ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਪਹਿਲੀ ਪਾਰੀ ਵਿੱਚ 823-7 (ਘੋਸ਼ਿਤ) ਸਕੋਰ ਬਣਾਏ। ਇਸ ਨਾਲ ਇਹ ਟੈਸਟ ਕ੍ਰਿਕਟ ‘ਚ ਪਾਕਿਸਤਾਨ ਖਿਲਾਫ ਇਕ ਪਾਰੀ ‘ਚ 800 ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ 1958 ‘ਚ ਵੈਸਟਇੰਡੀਜ਼ ਨੇ ਤਿੰਨ ਵਿਕਟਾਂ ‘ਤੇ 790 ਦੌੜਾਂ ਬਣਾਈਆਂ ਸਨ।