‘ਪੈੱਗ ਲਾਉਣੇ ਹਨ ਤਾਂ ਘਰ ਜਾ ਕੇ ਹੀ ਲਾਇਓ’… ਮੰਤਰੀ ਲਾਲਜੀਤ ਭੁੱਲਰ ਦੀ ਨਵੇਂ ਚੁਣੇ ਸਰਪੰਚਾਂ ਨੂੰ ਅਪੀਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਸਥਿਤ ਸਾਈਕਲ ਵੈਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਨਵੇਂ ਚੁਣੇ ਸਰਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਗਈ। ਇਸ ਸਹੁੰ ਚੁੱਕ ਸਮਾਗਮ ‘ਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਰਾਜ ਪੱਧਰੀ ਸਮਾਗਮ ਦੌਰਾਨ ਸੂਬੇ ਵਿੱਚ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਸੂਬਾ ਭਰ ਦੇ 23 ਜ਼ਿਲ੍ਹਿਆਂ ਵਿੱਚ ਨਵੀਆਂ ਚੁਣੀਆਂ 13147 ਗਰਾਮ ਪੰਚਾਇਤਾਂ ਵਿੱਚੋਂ 19 ਜ਼ਿਲ੍ਹਿਆਂ ਦੇ 10031 ਸਰਪੰਚਾਂ ਨੂੰ ਮੁੱਖ ਮੰਤਰੀ ਵੱਲੋਂ ਅਹੁਦੇ ਦਾ ਹਲਫ਼ ਦਿਵਾਇਆ ਗਿਆ।
ਸਮਾਗਮ ਖਤਮ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਫੇਸਬੁਕ ਸਫੇ ਉਤੇ ਲਾਈਵ ਹੋ ਕੇ ਨਵੇਂ ਚੁਣੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਘਰ ਜਾ ਕੇ ਜਸ਼ਨ ਮਨਾਉਣ। ਉਨ੍ਹਾਂ ਆਖਿਆ ਕਿ ਤੁਹਾਡਾ ਪਰਿਵਾਰ ਤੁਹਾਡਾ ਇੰਤਜਾਰ ਕਰ ਰਿਹਾ ਹੈ, ਇਸ ਲਈ ਜੇ ਕਿਸੇ ਨੇ ਪੈੱਗ ਲਾਉਣੇ ਹਨ ਤਾਂ ਆਪਣੇ ਘਰ ਜਾ ਕੇ ਜਸ਼ਨ ਮਨਾਓ। ਉਨ੍ਹਾਂ ਨੇ ਆਖਿਆ ਕਿ ਹਾਲਾਂਕਿ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਜੇਕਰ ਜਸ਼ਨ ਮਨਾਉਣੇ ਹਨ ਤਾਂ ਆਪਣੇ ਘਰ ਜਾ ਕੇ ਹੀ ਮਨਾਓ। ਕਿਉਂਕਿ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਇਸ ਲਈ ਕੋਈ ਨੁਕਸਾਨ ਹੋ ਸਕਦਾ ਹੈ। ਹੌਲੀ-ਹੌਲੀ ਆਪਣੇ ਘਰ ਜਾਇਓ, ਜੇਕਰ ਪੈੱਗ ਲਾਉਣੇ ਹਨ ਤਾਂ ਆਪਣੇ ਘਰ ਦੇ ਨੇੜੇ ਜਾਂ ਘਰ ਪਹੁੰਚ ਕੇ ਹੀ ਲਾਇਓ।
- First Published :