Punjab

ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਜ਼ਮੀਨੀ ਰਿਕਾਰਡ ‘ਚ ‘RED ਐਂਟਰੀ’, ਜ਼ੁਰਮਾਨਾ ਵੀ ਲਗਾਇਆ

ਮੋਗਾ- ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਨਾਹੀ ਹੁਕਮ ਜਾਰੀ ਕਰਨ ਦੇ ਬਾਵਜ਼ੂਦ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਇੱਕ ਕਿਸਾਨ ਦੇ ਜ਼ਮੀਨੀ ਰਿਕਾਰਡ ਵਿੱਚ ” ਰੈੱਡ ਐਂਟਰੀ ” ਅਤੇ 2500 ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੈਦ ਜਲਾਲਪੁਰ (ਤਹਿਸੀਲ ਧਰਮਕੋਟ) ਵਿਖੇ ਇਕ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਹੈ। ਇਸ ਦੀ ਸੂਚਨਾ ਮਿਲਣ ਉੱਤੇ ਨੋਡਲ ਅਫ਼ਸਰ ਅਤੇ ਪਟਵਾਰੀ ਵੱਲੋਂ ਪੜਤਾਲ ਕੀਤੀ ਗਈ ਤਾਂ ਇਹ ਸੂਚਨਾ ਸੱਚ ਪਾਈ ਗਈ। ਜਿਸ ਉੱਤੇ ਅੱਗੇ ਕਾਰਵਾਈ ਕਰਦਿਆਂ ਉਸ ਖੇਤ ਦੀ ਮਾਲਕ ਸਿਬਾ ਵਿਧਵਾ ਪਿਆਰਾ ਸਿੰਘ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਮਾਲਕ ਔਰਤ, ਜੋ ਕਿ ਖੁਦ ਹੀ ਕਾਸ਼ਤਕਾਰ ਹੈ, ਨੂੰ 2500 ਰੁਪਏ ਵਾਤਾਵਰਣ ਨੂੰ ਪਲੀਤ ਕਰਨ ਦੇ ਦੋਸ਼ ਵਿੱਚ ਜ਼ੁਰਮਾਨਾ ਲਗਾਇਆ ਗਿਆ ਹੈ।

ਇਸ਼ਤਿਹਾਰਬਾਜ਼ੀ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਜਾਂ ਰਹਿੰਦ ਖੂਹੰਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਬਾਰੇ ਮਾਨਯੋਗ ਅਦਾਲਤਾਂ, ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਬਹੁਤ ਸਖ਼ਤ ਹਨ। ਹਰੇਕ ਖੇਤ ਉੱਤੇ ਸੈਟੇਲਾਈਟ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਾਇੰਸ ਟੈਕਨਾਲੋਜੀ ਅਤੇ ਵਾਤਾਵਰਨ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਤੇ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਹੁਕਮਾਂ ਤਹਿਤ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰਾਪਤ ਹੋਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਝੋਨੇ ਦੇ ਨਾੜ (ਪਰਾਲੀ) ਨੂੰ ਅੱਗ ਲਗਾਉਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਵਿੱਚ ਬੁਰੀ ਤਰ੍ਹਾਂ ਪ੍ਰਦੂਸ਼ਣ ਫੈਲਦਾ ਹੈ ਉੱਥੇ ਧੂੰਏ ਕਾਰਨ ਸੜਕਾਂ ਤੇ ਕਈ ਹਾਦਸੇ ਵਾਪਰ ਜਾਂਦੇ ਹਨ ਅਤੇ ਕਈ ਭਿਆਨਕ ਬਿਮਾਰੀਆਂ ਵੀ ਫੈਲਦੀਆਂ ਹਨ। ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦਾ ਉਪਯੋਗੀ ਜੀਵਕ ਮਾਦਾ (ਮੱਲੜ) ਜੋ ਕਿ ਜ਼ਮੀਨ ਲਈ ਬਹੁਤ ਲਾਭਦਾਇਕ ਹੈ, ਵੀ ਨਸ਼ਟ ਹੋ ਜਾਂਦਾ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਇਸ ਨਾਲ ਲਾਗਲੇ ਖੇਤ ਵਿੱਚ ਖੜ੍ਹੀ ਫ਼ਸਲ ਜਾਂ ਆਲੇ-ਦੁਆਲੇ ਦੇ ਦਰੱਖਤ ਵੀ ਅੱਗ ਲੱਗਣ ਨਾਲ ਝੁਲਸ ਜਾਂਦੇ ਹਨ। ਧੂੰਏਂ ਨਾਲ ਬਿਰਧ ਵਿਅਕਤੀਆਂ, ਦਮਾਂ, ਸ਼ੂਗਰ, ਦਿਲ ਦੇ ਮਰੀਜ਼, ਅੱਖਾਂ ਦੀਆਂ ਬਿਮਾਰੀਆਂ ਨਾਲ ਪੀੜ੍ਹਤ ਅਤੇ ਛੋਟੇ ਬੱਚਿਆਂ ਤੇ ਇਸਦਾ ਹੋਰ ਮਾੜਾ ਅਸਰ ਪੈਂਦਾ ਹੈ ਅਤੇ ਇਹ ਪਰਾਲੀ ਦਾ ਧੂੰਆਂ ਘਾਤਕ ਸਿੱਧ ਹੁੰਦੇ ਹੋਏ ਵੱਡਮੁੱਲੀਆਂ ਜਾਨਾਂ ਵੀ ਲੈ ਸਕਦਾ ਹੈ।

ਇਸ਼ਤਿਹਾਰਬਾਜ਼ੀ

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਕਾਨੂੰਨੀ ਕਾਰਵਾਈ ਵਿੱਚ ਫਸਣ ਤੋਂ ਬਚੇ ਰਹਿਣ ਅਤੇ ਵਾਤਾਵਰਨ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਦੇ ਮਨੋਰਥ ਵਜੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ।

Source link

Related Articles

Leave a Reply

Your email address will not be published. Required fields are marked *

Back to top button