Women’s T20 World Cup ਤੋਂ ਬਾਹਰ ਹੋਈ ਭਾਰਤੀ ਮਹਿਲਾ ਟੀਮ, ਜਾਣੋ ਕਿੱਥੇ ਰਹਿ ਗਈ ਕਮੀ…

ਭਾਰਤੀ ਟੀਮ ਇੱਕ ਵਾਰ ਫਿਰ ਮਹਿਲਾ ਟੀ-20 ਵਿਸ਼ਵ ਕੱਪ ਤੋਂ ਖਾਲੀ ਹੱਥ ਪਰਤ ਰਹੀ ਹੈ। ਆਸਟ੍ਰੇਲੀਆ ਦੇ ਖਿਲਾਫ ਜੇਤੂ ਮੈਚ ਹਾਰਨ ਤੋਂ ਬਾਅਦ ਭਾਰਤੀ ਮਹਿਲਾ ਟੀਮ ਦੀਆਂ ਸਾਰੀਆਂ ਉਮੀਦਾਂ ਪਾਕਿਸਤਾਨ ‘ਤੇ ਟਿਕੀਆਂ ਹੋਈਆਂ ਸਨ। ਪਾਕਿਸਤਾਨ ਨੇ ਨਿਊਜ਼ੀਲੈਂਡ ਖਿਲਾਫ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕੀਤਾ, ਪਰ ਜਿੱਤ ਨਹੀਂ ਸਕੀ।
ਪਾਕਿਸਤਾਨ ਦੀ ਹਾਰ ਦੇ ਨਾਲ ਹੀ ਭਾਰਤ ਮਹਿਲਾ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਇਹ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦਾ ਨੌਵਾਂ ਐਡੀਸ਼ਨ ਸੀ। ਭਾਰਤ ਇਨ੍ਹਾਂ ‘ਚੋਂ ਇਕ ਵੀ ਖਿਤਾਬ ਨਹੀਂ ਜਿੱਤ ਸਕਿਆ ਹੈ। ਟੀਮ ਦਾ ਸਰਵੋਤਮ ਪ੍ਰਦਰਸ਼ਨ 2020 ਵਿੱਚ ਆਇਆ, ਜਦੋਂ ਟੀਮ ਨੇ ਫਾਈਨਲ ਖੇਡਿਆ ਸੀ। ਆਓ ਦੇਖਦੇ ਹਾਂ ਇਸ ਵਾਰ ਕੀ ਰਿਹਾ ਟੀਮ ਦਾ ਪ੍ਰਦਰਸ਼ਨ:
-ਭਾਰਤੀ ਟੀਮ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਗਰੁੱਪ ਏ ਵਿੱਚ ਸੀ। ਇਸ ਗਰੁੱਪ ‘ਚ ਭਾਰਤ ਦੇ ਨਾਲ-ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਵੀ ਸਨ। ਭਾਰਤ ਦਾ ਪਹਿਲਾ ਮੈਚ ਨਿਊਜ਼ੀਲੈਂਡ ਨਾਲ ਸੀ। ਇਸ ਮੈਚ ਵਿੱਚ ਭਾਰਤ ਨੂੰ 58 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 102 ਦੌੜਾਂ ‘ਤੇ ਆਲ ਆਊਟ ਹੋ ਗਈ ਸੀ।
-ਭਾਰਤੀ ਮਹਿਲਾ ਟੀਮ ਦਾ ਦੂਜਾ ਮੈਚ ਪਾਕਿਸਤਾਨ ਨਾਲ ਸੀ। ਇਸ ਵਾਰ ਭਾਰਤ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਭਾਰਤ ਨੇ ਪਾਕਿਸਤਾਨ ਨੂੰ 105/8 ‘ਤੇ ਰੋਕ ਕੇ 18.5 ਓਵਰਾਂ ‘ਚ ਟੀਚਾ ਹਾਸਲ ਕਰ ਲਿਆ। ਇਸ ਤੋਂ ਬਾਅਦ ਭਾਰਤ ਨੇ ਸ਼੍ਰੀਲੰਕਾ ਨੂੰ ਵੀ ਆਸਾਨੀ ਨਾਲ ਹਰਾਇਆ। ਭਾਰਤ ਨੇ ਇਹ ਮੈਚ ਰਿਕਾਰਡ 82 ਦੌੜਾਂ ਨਾਲ ਜਿੱਤਿਆ। ਇਹ ਟੂਰਨਾਮੈਂਟ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਸੀ।
-ਭਾਰਤ ਦਾ ਆਖਰੀ ਗਰੁੱਪ ਮੈਚ ਆਸਟ੍ਰੇਲੀਆ ਖਿਲਾਫ ਸੀ। ਆਸਟ੍ਰੇਲੀਆ ਆਪਣੇ ਪਹਿਲੇ ਤਿੰਨ ਮੈਚ ਜਿੱਤ ਕੇ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕਾ ਸੀ। ਆਸਟਰੇਲੀਆ ਨੇ ਵੀ ਭਾਰਤ ਖਿਲਾਫ ਚੈਂਪੀਅਨ ਵਰਗਾ ਪ੍ਰਦਰਸ਼ਨ ਕੀਤਾ ਅਤੇ 9 ਦੌੜਾਂ ਨਾਲ ਜਿੱਤ ਦਰਜ ਕੀਤੀ। ਇਹ ਮੈਚ ਜਿੱਤਣ ਲਈ ਭਾਰਤ ਨੇ ਆਖਰੀ ਓਵਰ ਵਿੱਚ 14 ਦੌੜਾਂ ਬਣਾਉਣੀਆਂ ਸਨ ਅਤੇ ਉਸ ਦੀਆਂ 5 ਵਿਕਟਾਂ ਬਾਕੀ ਸਨ। ਇਸ ਦੇ ਬਾਵਜੂਦ ਭਾਰਤੀ ਟੀਮ ਟੀਚੇ ਤੋਂ 9 ਦੌੜਾਂ ਦੂਰ ਰਹੀ।
ਕਿੱਥੇ ਰਹਿ ਗਈ ਕਮੀ:
ਜੇਕਰ ਭਾਰਤੀ ਟੀਮ ਦੇ ਪੂਰੇ ਪ੍ਰਦਰਸ਼ਨ ‘ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ ਖਿਲਾਫ ਜਿੱਤੀ ਗਈ ਖੇਡ ਨੂੰ ਹਾਰਨਾ ਸਭ ਤੋਂ ਵੱਡੀ ਗਲਤੀ ਜਾਪਦੀ ਹੈ। ਇਸ ਮੈਚ ‘ਚ 152 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 19 ਓਵਰਾਂ ‘ਚ 5 ਵਿਕਟਾਂ ‘ਤੇ 138 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ 52 ਦੌੜਾਂ ਬਣਾ ਕੇ ਅਜੇਤੂ ਰਹੀ। ਭਾਰਤ ਦੀ ਜਿੱਤ ਯਕੀਨੀ ਜਾਪਦੀ ਸੀ। ਪਰ ਭਾਰਤੀ ਟੀਮ ਨੇ 20ਵੇਂ ਓਵਰ ਵਿੱਚ 4 ਵਿਕਟਾਂ ਗੁਆ ਦਿੱਤੀਆਂ ਅਤੇ 4 ਦੌੜਾਂ ਹੀ ਬਣਾ ਸਕੀ। ਆਖਰੀ ਓਵਰ ਦੀ ਇਹ ਗਲਤੀ ਭਾਰਤ ਨੂੰ ਮਹਿੰਗੀ ਪਈ।