ਪਲਟ ਗਈ ਗੇਮ! ਹਰਿਆਣਾ ਚ BJP ਕਾਂਗਰਸ ਤੋਂ ਅੱਗੇ – News18 ਪੰਜਾਬੀ

ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ 90-90 ਵਿਧਾਨ ਸਭਾ ਸੀਟਾਂ ਲਈ ਹੋਈ ਵੋਟਿੰਗ ਦੇ ਅੱਜ ਨਤੀਜੇ ਐਲਾਨੇ ਜਾਣਗੇ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ‘ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ 3 ਪੜਾਵਾਂ ‘ਚ ਵੋਟਿੰਗ ਹੋਈ ਸੀ। ਜਦੋਂਕਿ ਹਰਿਆਣਾ ਵਿੱਚ 5 ਅਕਤੂਬਰ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਈ ਸੀ। 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਪੋਸਟਲ ਬੈਲਟ ਪਹਿਲਾਂ ਗਿਣੇ ਜਾਣਗੇ। ਇਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਰਾਹੀਂ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਸ਼ੁਰੂਆਤੀ ਰੁਝਾਨ ਸਵੇਰੇ 9 ਵਜੇ ਤੋਂ ਸਾਹਮਣੇ ਆਉਣਗੇ। ਹਾਲਾਂਕਿ ਅੰਤਿਮ ਨਤੀਜੇ ਦੁਪਹਿਰ ਤੋਂ ਬਾਅਦ ਹੀ ਸਪੱਸ਼ਟ ਹੋਣਗੇ।
ਤੁਹਾਨੂੰ ਦੱਸ ਦਈਏ ਕਿ ਹਰਿਆਣਾ ‘ਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਸਾਰੀਆਂ 90 ਸੀਟਾਂ ‘ਤੇ ਵੋਟਿੰਗ ਹੋਈ ਸੀ। ਹਰਿਆਣਾ ਵਿੱਚ ਇਸ ਵਾਰ ਸੀਪੀਐਮ ਦੇ ਨਾਲ ਕਾਂਗਰਸ ਨੇ 90 ਸੀਟਾਂ ਉੱਤੇ ਚੋਣ ਲੜੀ ਹੈ ਅਤੇ ਇੱਕ ਸੀਟ ਸੀਪੀਐਮ ਨੂੰ ਦਿੱਤੀ ਹੈ। ਜਦਕਿ ਭਾਜਪਾ ਨੇ 89 ਸੀਟਾਂ ‘ਤੇ ਚੋਣ ਲੜੀ ਹੈ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸਾਰੀਆਂ 90 ਸੀਟਾਂ ‘ਤੇ ਚੋਣ ਲੜੀ ਹੈ।
ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ 6 ਅਕਤੂਬਰ ਨੂੰ ਜਾਰੀ ਕੀਤੇ ਗਏ ਸਨ। ਇੱਕ ਪਾਸੇ ਜਿੱਥੇ ਭਾਜਪਾ ਹਰਿਆਣਾ ਵਿੱਚ ਸੱਤਾ ਤੋਂ ਹੱਥ ਧੋ ਰਹੀ ਹੈ, ਉਥੇ ਹੀ ਕਾਂਗਰਸ ਨੂੰ ਵੱਡੀ ਜਿੱਤ ਦੀ ਉਮੀਦ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ‘ਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਅੱਗੇ ਨਜ਼ਰ ਆ ਰਿਹਾ ਹੈ।
ਸੀ-ਵੋਟਰ ਸਰਵੇਖਣ ਮੁਤਾਬਕ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 20-28 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਸੱਤਾ ਵਿੱਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ, ਜਿੱਥੇ ਪਾਰਟੀ ਨੂੰ 50-58 ਸੀਟਾਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਜੇਜੇਪੀ ਨੂੰ 0-2 ਸੀਟਾਂ ਮਿਲ ਰਹੀਆਂ ਹਨ ਅਤੇ ਬਾਕੀਆਂ ਨੂੰ 10-14 ਸੀਟਾਂ ਮਿਲ ਰਹੀਆਂ ਹਨ।
ਸੀ-ਵੋਟਰ ਸਰਵੇਖਣ ਮੁਤਾਬਕ ਜੰਮੂ-ਕਸ਼ਮੀਰ ‘ਚ ਨੈਸ਼ਨਲ ਕਾਨਫਰੰਸ ਗਠਜੋੜ ਨੂੰ 40-48 ਸੀਟਾਂ, ਭਾਜਪਾ ਨੂੰ 27-32 ਸੀਟਾਂ, ਪੀਡੀਪੀ ਨੂੰ 6-12 ਅਤੇ ਹੋਰਨਾਂ ਨੂੰ 6-11 ਸੀਟਾਂ ਮਿਲ ਸਕਦੀਆਂ ਹਨ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ ਸਰਹੱਦੀ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਸਭ ਕੁਝ ਠੀਕ-ਠਾਕ ਰਹਿਣ ਨੂੰ ਯਕੀਨੀ ਬਣਾਉਣ ਲਈ ਸਾਰੇ ਗਿਣਤੀ ਕੇਂਦਰਾਂ ‘ਤੇ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਸ਼ਮੀਰ ਘਾਟੀ ਅਤੇ ਜੰਮੂ ਖੇਤਰ ਦੇ ਸਾਰੇ ਕੇਂਦਰਾਂ ‘ਤੇ ਸੁਰੱਖਿਆ ਕਰਮਚਾਰੀਆਂ ਨੇ ਪੁਜ਼ੀਸ਼ਨਾਂ ਸੰਭਾਲ ਲਈਆਂ ਹਨ ਅਤੇ ਪਹਿਰਾ ਦੇ ਰਹੇ ਹਨ।
2014 ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚ ਤਿੰਨ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ। ਕਸ਼ਮੀਰ ਘਾਟੀ ਅਤੇ ਜੰਮੂ ਖੇਤਰ ਦੀਆਂ 90 ਸੀਟਾਂ ‘ਚੋਂ ਪਹਿਲੇ ਪੜਾਅ ‘ਚ 24, ਦੂਜੇ ਪੜਾਅ ‘ਚ 26 ਅਤੇ ਤੀਜੇ ਪੜਾਅ ‘ਚ 40 ਸੀਟਾਂ ‘ਤੇ ਵੋਟਿੰਗ ਹੋਈ। ਕੇਂਦਰ ਸ਼ਾਸਤ ਪ੍ਰਦੇਸ਼ ਦੀ 90 ਮੈਂਬਰੀ ਵਿਧਾਨ ਸਭਾ ਲਈ ਚੋਣ ਲੜ ਰਹੇ 873 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਮੰਗਲਵਾਰ ਸ਼ਾਮ ਤੱਕ ਹੋਣ ਦੀ ਸੰਭਾਵਨਾ ਹੈ। ਇਸ ਵਾਰ 63.45 ਫੀਸਦੀ ਵੋਟਿੰਗ ਹੋਈ, ਜੋ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਰਜ 65.52 ਫੀਸਦੀ ਤੋਂ ਘੱਟ ਹੈ।