ਰੋਹਿਤ ਸ਼ਰਮਾ-ਵਿਰਾਟ ਕੋਹਲੀ ਖੇਡ ਸਕਦੇ ਹਨ ਦਲੀਪ ਟਰਾਫੀ, ਪਰ 2 ਖਿਡਾਰੀਆਂ ਨੂੰ ਮਿਲੇਗਾ Rest

ਨਵੀਂ ਦਿੱਲੀ- ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਦਿੱਗਜ ਕ੍ਰਿਕਟਰ ਇਸ ਵਾਰ ਦਲੀਪ ਟਰਾਫੀ ‘ਚ ਖੇਡਦੇ ਨਜ਼ਰ ਆ ਸਕਦੇ ਹਨ। ਦਲੀਪ ਟਰਾਫੀ ਦੇ ਇਹ ਮੈਚ ਸਤੰਬਰ ਵਿੱਚ ਹੋਣੇ ਹਨ। ਭਾਰਤੀ ਕ੍ਰਿਕਟ ਟੀਮ ਨੇ 19 ਸਤੰਬਰ ਤੋਂ ਪਹਿਲਾਂ ਕੋਈ ਮੈਚ ਨਹੀਂ ਖੇਡਣਾ ਹੈ। ਇਸ ਕਾਰਨ ਭਾਰਤੀ ਕ੍ਰਿਕਟ ਬੋਰਡ ਚਾਹੁੰਦਾ ਹੈ ਕਿ ਸੀਨੀਅਰ ਕ੍ਰਿਕਟਰ ਵੀ ਘਰੇਲੂ ਕ੍ਰਿਕਟ ‘ਚ ਹਿੱਸਾ ਲੈਣ। ਹਾਲਾਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਇਹ ਦੋਵੇਂ ਕ੍ਰਿਕਟਰ ਦਲੀਪ ਟਰਾਫੀ ਦੇ ਪਹਿਲੇ ਦੌਰ ‘ਚ ਨਜ਼ਰ ਨਹੀਂ ਆਉਣਗੇ।
ਬੀਸੀਸੀਆਈ ਨੇ ਦਲੀਪ ਟਰਾਫੀ ਦੇ ਮੈਚ ਅਨੰਤਪੁਰ ਦੀ ਬਜਾਏ ਬੈਂਗਲੁਰੂ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਇਨ੍ਹਾਂ ਮੈਚਾਂ ‘ਚ ਖੇਡਣਾ ਹੈ ਜਾਂ ਨਹੀਂ ਇਹ ਫੈਸਲਾ ਪੂਰੀ ਤਰ੍ਹਾਂ ਉਨ੍ਹਾਂ ‘ਤੇ ਛੱਡ ਦਿੱਤਾ ਜਾਵੇਗਾ। ਦਲੀਪ ਟਰਾਫੀ ਦੇ ਪਹਿਲੇ ਦੌਰ ਦੇ ਮੈਚਾਂ ਦੇ ਦੋ ਸੈੱਟ 5 ਸਤੰਬਰ ਤੋਂ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ‘ਚ ਹੋਣੇ ਸਨ ਪਰ ਹੁਣ ਉਨ੍ਹਾਂ ‘ਚੋਂ ਇਕ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਹੋਵੇਗਾ ਤਾਂ ਕਿ ਲੌਜਿਸਟਿਕਸ ਦੀ ਕੋਈ ਸਮੱਸਿਆ ਨਾ ਆਵੇ। ਅਨੰਤਪੁਰ ਬੇਂਗਲੁਰੂ ਤੋਂ 230 ਕਿਲੋਮੀਟਰ ਦੂਰ ਹੈ ਅਤੇ ਹਵਾਈ ਦੁਆਰਾ ਜੁੜਿਆ ਨਹੀਂ ਹੈ।
ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ, ‘ਕੁਝ ਚੋਟੀ ਦੇ ਖਿਡਾਰੀਆਂ ਦੀ ਸਹੂਲਤ ਲਈ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਬੰਗਲਾਦੇਸ਼ ਦੇ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਲਾਲ ਗੇਂਦ ਦੀ ਕ੍ਰਿਕਟ ਦਾ ਅਨੁਭਵ ਹੋ ਸਕੇ।’ ਸੀਰੀਜ਼ ਦਾ ਪਹਿਲਾ ਮੈਚ 19 ਸਤੰਬਰ ਤੋਂ ਚੇਨਈ ‘ਚ ਅਤੇ ਦੂਜਾ ਮੈਚ 27 ਸਤੰਬਰ ਤੋਂ ਕਾਨਪੁਰ ‘ਚ ਖੇਡਿਆ ਜਾਣਾ ਹੈ।
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਲੀਪ ਟਰਾਫੀ ‘ਚ ਖੇਡਣ ਦਾ ਫੈਸਲਾ ਖੁਦ ਲੈਣਗੇ। ਇਸ ਵਿੱਚ ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਕੁਲਦੀਪ ਯਾਦਵ ਦੇ ਖੇਡਣ ਦੀ ਉਮੀਦ ਹੈ। ਬੁਮਰਾਹ ਅਤੇ ਅਸ਼ਵਿਨ ਬੰਗਲਾਦੇਸ਼ ਖਿਲਾਫ ਸੀਰੀਜ਼ ਤੋਂ ਪਹਿਲਾਂ ਸਿੱਧੇ ਟੀਮ ਨਾਲ ਜੁੜ ਜਾਣਗੇ।
ਚੋਣਕਾਰ ਵੀ ਰਿਸ਼ਭ ਪੰਤ ਨੂੰ ਦਲੀਪ ਟਰਾਫੀ ‘ਚ ਖੇਡਦੇ ਦੇਖਣਾ ਚਾਹੁੰਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਦਸੰਬਰ 2022 ‘ਚ ਕਾਰ ਹਾਦਸੇ ਤੋਂ ਬਾਅਦ ਇਹ ਉਸਦਾ ਪਹਿਲਾ ਫਰਸਟ ਕਲਾਸ ਮੈਚ ਹੋਵੇਗਾ। ਸਰਜਰੀ ਤੋਂ ਬਾਅਦ ਠੀਕ ਹੋ ਰਹੇ ਮੁਹੰਮਦ ਸ਼ਮੀ ਇਸ ‘ਚ ਨਹੀਂ ਖੇਡਣਗੇ। (ਇਨਪੁਟ ਭਾਸ਼ਾ)