ਅਗਲੇ ਦੋ ਦਿਨ ਵੱਡੀ ਤਬਾਹੀ ਦੀ ਚਿਤਾਵਨੀ, ਫੌਜ ਤਾਇਨਾਤ, ਹਜ਼ਾਰਾਂ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ – News18 ਪੰਜਾਬੀ

Australia cyclone Update- ਆਸਟ੍ਰੇਲੀਆ ਵਿਚ ਤੂਫਾਨ ਅਲਫਰੇਡ ਨੇ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਇਸ ਚੱਕਰਵਾਤ ਵਿਚ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਤੂਫ਼ਾਨੀ ਹਵਾਵਾਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਹਨੇਰੇ ਵਿਚ ਧੱਕ ਦਿੱਤਾ। ਬ੍ਰਿਸਬੇਨ ਅਤੇ ਗੋਲਡ ਕੋਸਟ ਵਿਚ ਹਨ੍ਹੇਰਾ ਛਾਇਆ ਹੋਇਆ ਹੈ। ਇੱਥੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ, ਦਰੱਖਤ ਉੱਖੜ ਗਏ ਅਤੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ ਹੈ।
ਆਸਟ੍ਰੇਲੀਆ ਦੇ ਮੌਸਮ ਵਿਗਿਆਨ ਬਿਊਰੋ ਦੇ ਅਨੁਸਾਰ ਅਲਫ੍ਰੇਡ ਸ਼੍ਰੇਣੀ-2 ਦਾ ਤੂਫਾਨ ਹੈ, ਇਸ ਦੇ ਕੇਂਦਰ ਦੇ ਨੇੜੇ 95 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਅਤੇ 130 ਕਿਲੋਮੀਟਰ ਪ੍ਰਤੀ ਘੰਟਾ ਤੱਕ ਹਵਾਵਾਂ ਚੱਲ ਸਕਦੀਆਂ ਹਨ। ਇਸ ਨੇ ‘ਕੁਈਨਜ਼ਲੈਂਡ ਦੇ ਡਬਲ ਆਈਲੈਂਡ ਪੁਆਇੰਟ ਤੋਂ ਨਿਊ ਸਾਊਥ ਵੇਲਜ਼ ਦੇ ਗ੍ਰਾਫਟਨ ਤੱਕ ਪ੍ਰਭਾਵਿਤ ਕੀਤਾ, ਜਿਸ ਵਿੱਚ ਬ੍ਰਿਸਬੇਨ, ਗੋਲਡ ਕੋਸਟ, ਸਨਸ਼ਾਈਨ ਕੋਸਟ, ਬਾਇਰਨ ਬੇਅ ਅਤੇ ਬਾਲੀਨਾ ਸ਼ਾਮਲ ਹਨ।’
ਬਹੁਤ ਖਤਰਨਾਕ ਹਾਲਾਤ
ਇਹ ਚੱਕਰਵਾਤ ਦੋ ਕਾਰਨਾਂ ਕਰਕੇ ਅਸਾਧਾਰਨ ਸੀ। ਪਹਿਲਾਂ ਇਹ ਦੱਖਣ ਵੱਲ ਬਣਿਆ, ਅਤੇ ਬਹੁਤ ਹੌਲੀ-ਹੌਲੀ ਅੱਗੇ ਵਧਿਆ। ਇਹ ਦੋਵੇਂ ਕਾਰਕ ਇਸ ਨੂੰ ਹੋਰ ਖ਼ਤਰਨਾਕ ਬਣਾਉਂਦੇ ਹਨ, ਕਿਉਂਕਿ ਤੂਫ਼ਾਨ ਜਿੰਨੀ ਹੌਲੀ ਚੱਲਦਾ ਹੈ, ਓਨੀ ਹੀ ਜ਼ਿਆਦਾ ਤਬਾਹੀ ਹੁੰਦੀ ਹੈ। ਜਦੋਂ ਕਿ ਚੱਕਰਵਾਤ ਆਮ ਤੌਰ ‘ਤੇ ਆਸਟ੍ਰੇਲੀਆ ਦੇ ਉੱਤਰੀ ਖੇਤਰਾਂ ਵਿਚ ਹੀ ਆਉਂਦੇ ਹਨ। ਗੋਲਡ ਕੋਸਟ ਖੇਤਰ ਵਿੱਚ ਆਖਰੀ ਵਾਰ 1974 ਵਿੱਚ ਚੱਕਰਵਾਤ ਆਇਆ ਸੀ। ਆਸਟ੍ਰੇਲੀਆ ਦਾ ਦੱਖਣੀ ਹਿੱਸਾ ਵਧੇਰੇ ਸੰਘਣੀ ਆਬਾਦੀ ਵਾਲਾ ਹੈ, ਬ੍ਰਿਸਬੇਨ ਦੇਸ਼ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਅਜਿਹੇ ‘ਚ ਇਸ ਤੂਫਾਨ ਨੇ ਵੱਡੀ ਗਿਣਤੀ ‘ਚ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।
ਇੱਥੇ ਐਤਵਾਰ ਦੀ ਰਾਤ ਜਦੋਂ ਲੋਕ ਸੌਣ ਦੀ ਤਿਆਰੀ ਕਰ ਰਹੇ ਸਨ ਤਾਂ ਅਸਮਾਨ ਤੋਂ ਮੀਂਹ ਅਤੇ ਤੇਜ਼ ਹਵਾਵਾਂ ਖ਼ਤਰੇ ਦਾ ਸੰਕੇਤ ਦੇ ਰਹੀਆਂ ਸਨ। ਕੁਝ ਹੀ ਸਮੇਂ ਵਿੱਚ ਕੁਈਨਜ਼ਲੈਂਡ ਦੇ ਕਈ ਹਿੱਸੇ ਪਾਣੀ ਵਿੱਚ ਡੁੱਬ ਗਏ। ਗੋਲਡ ਕੋਸਟ ਅਤੇ ਬ੍ਰਿਸਬੇਨ ਦੇ ਸੈਂਕੜੇ ਇਲਾਕਿਆਂ ਵਿੱਚ ਬਿਜਲੀ ਗੁੱਲ ਹੋ ਗਈ। ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟਣੇ ਸ਼ੁਰੂ ਹੋ ਗਏ ਅਤੇ ਲੋਕ ਬੇਵੱਸ ਹੋ ਕੇ ਆਪਣੇ ਪਰਿਵਾਰਾਂ ਸਮੇਤ ਸੁਰੱਖਿਅਤ ਥਾਂ ਦੀ ਤਲਾਸ਼ ਕਰਨ ਲੱਗੇ।
1800 ਲੋਕ ਪਾਣੀ ‘ਚ ਫਸੇ, ਇਕ ਦੀ ਮੌਤ
ਸਿਰਫ਼ ਇੱਕ ਰਾਤ ਵਿੱਚ ਹੜ੍ਹ ਨੇ ਅਜਿਹਾ ਤਬਾਹੀ ਮਚਾਈ ਕਿ 1800 ਲੋਕ ਪੂਰੀ ਤਰ੍ਹਾਂ ਪਾਣੀ ਵਿੱਚ ਘਿਰ ਗਏ। ਸੜਕਾਂ ਦਰਿਆਵਾਂ ਵਿੱਚ ਤਬਦੀਲ ਹੋ ਗਈਆਂ ਅਤੇ ਕਈ ਵਾਹਨ ਹੜ੍ਹਾਂ ਵਿੱਚ ਵਹਿ ਗਏ। ਅਧਿਕਾਰੀਆਂ ਨੇ ਤੁਰਤ 20,300 ਲੋਕਾਂ ਨੂੰ ਆਪਣੇ ਘਰ ਛੱਡਣ ਦੇ ਆਦੇਸ਼ ਦਿੱਤੇ। ਸ਼ਨੀਵਾਰ ਨੂੰ ਹੜ੍ਹ ਦੇ ਪਾਣੀ ‘ਚੋਂ ਇਕ 61 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ, ਜਦਕਿ ਇਕ ਹੋਰ ਘਟਨਾ ‘ਚ ਬਚਾਅ ਕਾਰਜਾਂ ‘ਤੇ ਜਾ ਰਹੇ ਫੌਜੀਆਂ ਦੇ ਕਾਫਲੇ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ 12 ਫੌਜੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਨਿਊ ਸਾਊਥ ਵੇਲਜ਼ (NSW) ਵਿਚ ਸਥਿਤੀ ਹੋਰ ਵੀ ਬਦਤਰ ਸੀ। ਸ਼ੁੱਕਰਵਾਰ ਨੂੰ ਡੋਰੀਗੋ ਨੇੜੇ ਹੜ੍ਹ ਦੇ ਪਾਣੀ ਵਿਚ ਕਾਰ ਵਹਿ ਜਾਣ ਕਾਰਨ ਇਕ 61 ਸਾਲਾ ਵਿਅਕਤੀ ਦੀ ਮੌਤ ਹੋ ਗਈ। ਲਿਸਮੋਰ ਵਿੱਚ ਇੱਕ ਫੌਜੀ ਟਰੱਕ ਪਲਟਣ ਨਾਲ 13 ਸੈਨਿਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।
ਤਬਾਹੀ ਖਤਮ ਨਹੀਂ ਹੋਈ
ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਤਬਾਹੀ ਅਜੇ ਖਤਮ ਨਹੀਂ ਹੋਈ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਸਥਿਤੀ ਵਿਗੜ ਸਕਦੀ ਹੈ, ਕਿਉਂਕਿ ਬਰਸਾਤ ਦਾ ਮੌਸਮ ਜਾਰੀ ਰਹੇਗਾ। 700 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਸਥਿਤੀ ਵਿਗੜ ਸਕਦੀ ਹੈ।
ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮਾਂ ਲੋਕਾਂ ਨੂੰ ਸੁਰੱਖਿਅਤ ਉਚਾਈਆਂ ‘ਤੇ ਜਾਣ ਲਈ ਲਗਾਤਾਰ ਅਪੀਲ ਕਰ ਰਹੀਆਂ ਹਨ। ਗੋਲਡ ਕੋਸਟ ਵਿਚ ਐਤਵਾਰ ਰਾਤ ਨੂੰ ‘ਐਮਰਜੈਂਸੀ ਚਿਤਾਵਨੀ’ ਜਾਰੀ ਕੀਤੀ ਗਈ ਸੀ। ਹੁਣ ਤੱਕ ਦਾ ਦ੍ਰਿਸ਼ ਦਰਸਾਉਂਦਾ ਹੈ ਕਿ ਅਸਲ ਮੁਸੀਬਤ ਤਾਂ ਸ਼ੁਰੂ ਹੀ ਹੋਈ ਹੈ। ਬਿਜਲੀ ਕੱਟਾਂ, ਹੜ੍ਹਾਂ ਅਤੇ ਤਬਾਹੀ ਕਾਰਨ ਲੱਖਾਂ ਲੋਕ ਪ੍ਰੇਸ਼ਾਨ ਹਨ।