ਭਾਰਤੀ ਕ੍ਰਿਕਟ ‘ਚ ਮੈਚ ਫਿਕਸਿੰਗ ਲਈ ਇਸ ਖਿਡਾਰੀ ‘ਤੇ ਲੱਗਿਆ ਸੀ ਸਭ ਤੋਂ ਪਹਿਲਾ ਬੈਨ, ਪੜ੍ਹੋ ਇਸ ਖਿਡਾਰੀ ਦਾ ਨਾਮ

ਭਾਰਤੀ ਕ੍ਰਿਕਟ ਵਿੱਚ ਇੱਕ ਕਾਲਾ ਦੌਰ ਅਜਿਹਾ ਆਇਆ ਸੀ ਜਦੋਂ ਕਈ ਖਿਡਾਰੀਆਂ ਦਾ ਨਾਂ ਮੈਚ ਫਿਕਸਿੰਗ ਨਾਲ ਜੋੜਿਆ ਗਿਆ ਸੀ। ਇਹ ਗੱਲ ਸਾਲ 2000 ਦੀ ਹੈ। 7 ਅਪ੍ਰੈਲ ਸਾਲ 2000 ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਈਸ਼ਵਰ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਕੋਲ ਫਿਕਸਿੰਗ ਵਿੱਚ ਸ਼ਾਮਲ ਦੱਖਣੀ ਅਫ਼ਰੀਕਾ ਦੇ ਕਪਤਾਨ ਹੈਂਸੀ ਕ੍ਰੋਨੇਏ (Hansie Cronje) ਅਤੇ ਸੱਟੇਬਾਜ਼ ਸੰਜੀਵ ਚਾਵਲਾ ਵਿਚਕਾਰ ਗੱਲਬਾਤ ਦੀ ਰਿਕਾਰਡਿੰਗ ਹੈ।
ਇਹ ਖਬਰ ਸਾਹਮਣੇ ਆਉਣ ਦੇ 24 ਘੰਟਿਆਂ ਦੇ ਅੰਦਰ ਦੱਖਣੀ ਅਫਰੀਕਾ ਨੇ ਇੱਕ ਬਿਆਨ ਜਾਰੀ ਕੀਤਾ ਕਿ ਉਸ ਦਾ ਕੋਈ ਵੀ ਖਿਡਾਰੀ ਮੈਚ ਫਿਕਸਿੰਗ ਵਿੱਚ ਸ਼ਾਮਲ ਨਹੀਂ ਹੈ। ਪਰ ਤਿੰਨ ਦਿਨਾਂ ਦੇ ਅੰਦਰ ਹੀ ਹੈਂਸੀ ਕ੍ਰੋਨੀਏ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ।
28 ਅਪ੍ਰੈਲ ਨੂੰ ਭਾਰਤ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। ਦੂਜੇ ਪਾਸੇ ਅਫਰੀਕੀ ਬੋਰਡ ਨੇ ਮਈ ਵਿੱਚ ਇੱਕ ਜਾਂਚ ਕਮੇਟੀ ਬਣਾਈ ਸੀ। ਹਰਸ਼ੇਲ ਗਿਬਸ, ਨਿੱਕੀ ਬੁਆਏ ਦਾ ਨਾਂ ਵੀ ਹੁਣ ਇਸ ਮਾਮਲੇ ‘ਚ ਜੁੜ ਗਿਆ ਸੀ। 15 ਜੂਨ ਨੂੰ ਕ੍ਰੋਨੀਏ ਨੇ ਪਹਿਲੀ ਵਾਰ ਇਸ ਸੂਚੀ ਵਿੱਚ ਕਿਸੇ ਭਾਰਤੀ ਕ੍ਰਿਕਟਰ ਦਾ ਨਾਂ ਲਿਆ। ਕ੍ਰੋਨੇਏ (Hansie Cronje) ਨੇ ਕਿਹਾ ਕਿ ਉਸ ਨੂੰ ਸਭ ਤੋਂ ਪਹਿਲਾਂ ਮੁਹੰਮਦ ਅਜ਼ਹਰੂਦੀਨ (Mohammad Azharuddin) ਨੇ ਸੱਟੇਬਾਜ਼ ਮੁਕੇਸ਼ ਗੁਪਤਾ ਨਾਲ ਮਿਲਾਇਆ ਸੀ।
ਇਸ ਤਰ੍ਹਾਂ ਸਾਲ 2000 ਦੇ ਅਪ੍ਰੈਲ ਮਹੀਨੇ ਵਿੱਚ ਸਾਹਮਣੇ ਆਏ ਮੈਚ ਫਿਕਸਿੰਗ (Match Fixing in Indian Cricket) ਦੇ ਇਸ ਕੇਸ ਨੇ ਭਾਰਤੀ ਕ੍ਰਿਕਟ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਜਿਸ ਖਿਡਾਰੀ ਨੂੰ ਭਾਰਤ ਦੇ ਲੋਕ ‘ਵੰਡਰ ਬੁਆਏ’ ਕਹਿੰਦੇ ਸਨ, ਉਹ ਕਥਿਤ ਤੌਰ ‘ਤੇ ਮੈਚ ਫਿਕਸਿੰਗ ਕਰ ਰਿਹਾ ਸੀ। ਇਸ ਤੋਂ ਬਾਅਦ ਲੋਕ ਸੜਕਾਂ ‘ਤੇ ਉਤਰ ਆਏ ਅਤੇ ਮੁਹੰਮਦ ਅਜ਼ਹਰੂਦੀਨ ਦਾ ਪੁਤਲਾ ਫੂਕਿਆ ਗਿਆ।
ਇਸ ਦੌਰਾਨ 20 ਜੁਲਾਈ 2000 ਨੂੰ ਸੀਬੀਆਈ ਨੇ ਅਜ਼ਹਰ, ਅਜੈ ਜਡੇਜਾ (Ajay Jadeja), ਨਯਨ ਮੋਂਗੀਆ, ਨਿਖਿਲ ਚੋਪੜਾ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਉਨ੍ਹਾਂ ਦੇ ਕਿਸੇ ਵੀ ਘਰ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ; ਪਰ ਸੀਬੀਆਈ ਨੇ ਦਾਅਵਾ ਕੀਤਾ ਕਿ ਮੁਹੰਮਦ ਅਜ਼ਹਰੂਦੀਨ ਨੇ ਮੈਚ ਫਿਕਸਿੰਗ ਬਾਰੇ ਕਬੂਲ ਲਿਆ ਹੈ। ਹਾਲਾਂਕਿ ਮੁਹੰਮਦ ਅਜ਼ਹਰੂਦੀਨ ਨੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ।
31 ਅਕਤੂਬਰ 2000 ਨੂੰ ਸੀਬੀਆਈ ਨੇ ਆਪਣਾ ਬਿਆਨ ਜਾਰੀ ਕੀਤਾ। ਦਾਅਵਾ ਕੀਤਾ ਗਿਆ ਸੀ ਕਿ ਤਤਕਾਲੀ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਮੈਚ ਫਿਕਸਿੰਗ ‘ਚ ਅਜੇ ਜਡੇਜਾ ਅਤੇ ਨਯਨ ਮੋਂਗੀਆ ਦੀ ਮਦਦ ਲਈ ਸੀ। 27 ਨਵੰਬਰ 2000 ਨੂੰ, ਬੀਸੀਸੀਆਈ ਨੇ ਮੁਹੰਮਦ ਅਜ਼ਹਰੂਦੀਨ (Mohammad Azharuddin), ਅਜੈ ਜਡੇਜਾ , ਮਨੋਜ ਪ੍ਰਭਾਕਰ, ਅਜੈ ਸ਼ਰਮਾ ਅਤੇ ਸਾਬਕਾ ਟੀਮ ਫਿਜ਼ੀਓ ਅਲੀ ਇਰਾਨੀ ਨੂੰ ਫਿਕਸਿੰਗ ਦਾ ਦੋਸ਼ੀ ਪਾਇਆ। 5 ਦਸੰਬਰ ਨੂੰ ਮੁਹੰਮਦ ਅਜ਼ਹਰੂਦੀਨ ਅਤੇ ਅਜੇ ਸ਼ਰਮਾ ‘ਤੇ ਉਮਰ ਭਰ ਲਈ ਬੈਨ ਲਗਾ ਦਿੱਤਾ ਸੀ।
ਅਜੈ ਜਡੇਜਾ ‘ਤੇ 5 ਸਾਲ ਤੱਕ ਕਿਸੇ ਵੀ ਤਰ੍ਹਾਂ ਦੀ ਕ੍ਰਿਕਟ ਗਤੀਵਿਧੀਆਂ ‘ਚ ਹਿੱਸਾ ਲੈਣ ‘ਤੇ ਪਾਬੰਦੀ ਲਗਾਈ ਗਈ। ਮਨੋਜ ਪ੍ਰਭਾਕਰ ਅਤੇ ਅਲੀ ਇਰਾਨੀ ‘ਤੇ ਵੀ ਪੰਜ ਸਾਲ ਦਾ ਬੈਨ ਲਗਾਇਆ ਗਿਆ, ਜਿਸ ਮੁਤਾਬਕ ਉਹ ਬੋਰਡ ‘ਚ ਕੋਈ ਵੀ ਪੋਸਟ ਨਹੀਂ ਰੱਖ ਸਕਦੇ ਸਨ।
ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਕ੍ਰਿਕਟ ਬੋਰਡ ਨੇ ਫਿਕਸਿੰਗ ਮਾਮਲੇ ‘ਚ ਆਪਣੇ ਕਿਸੇ ਖਿਡਾਰੀ ‘ਤੇ ਬੈਨ ਲਗਾਇਆ ਸੀ। ਹਾਲਾਂਕਿ ਹੁਣ ਇਨ੍ਹਾਂ ‘ਚੋਂ ਕਿਸੇ ਵੀ ਕ੍ਰਿਕਟਰ ‘ਤੇ ਕੋਈ ਬੈਨ ਨਹੀਂ ਹੈ। 2003 ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਜੇ ਜਡੇਜਾ (Ajay Jadeja) ‘ਤੇ ਲੱਗੇ ਬੈਨ ਨੂੰ ਹਟਾ ਦਿੱਤਾ ਗਿਆ। ਅਜ਼ਹਰ ਨੇ 2012 ਵਿੱਚ ਸੁਪਰੀਮ ਕੋਰਟ ਵਿੱਚ ਕੇਸ ਜਿੱਤ ਕੇ ਇਸ ਬੈਨ ਨੂੰ ਹਟਾ ਲਿਆ ਸੀ।
ਬੀਸੀਸੀਆਈ ਨੇ ਵੀ ਦੋ ਸਾਲ ਬਾਅਦ ਅਜੈ ਸ਼ਰਮਾ ਤੋਂ ਪਾਬੰਦੀ ਹਟਾ ਦਿੱਤੀ ਸੀ। ਇਸ ਪੂਰੇ ਮਾਮਲੇ ਵਿੱਚ ਸਭ ਤੋਂ ਵੱਡਾ ਖੁਲਾਸਾ ਇਹ ਸੀ ਕਿ ਸੀਬੀਆਈ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਮੈਚ ਫਿਕਸਿੰਗ 1990 ਵਿੱਚ ਹੀ ਭਾਰਤੀ ਕ੍ਰਿਕਟ ਵਿੱਚ ਦਾਖ਼ਲ ਹੋ ਗਈ ਸੀ।