ਨਗਰ ਕੀਰਤਨ ਦੌਰਾਨ ਵਾਪਰਿਆ ਵੱਡਾ ਹਾਦਸਾ, ਕਰੰਟ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ

ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਕੋਟ ਸਦਰ ਖਾਂ ਵਿਖੇੋ ਦੋ ਵਿਅਕਤੀਆਂ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ‘ਚ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਦੇ ਉੱਪਰ ਲੱਗੇ ਨਿਸ਼ਾਨ ਸਾਹਿਬ ‘ਚ ਅਚਾਨਕ ਕਰੰਟ ਆ ਗਿਆ, ਕਰੰਟ ਦੀ ਲਪੇਟ ‘ਚ ਆਉਣ ਕਾਰਣ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਰੰਟ ਲੱਗਣ ਦੇ ਨਾਲ 4 ਸ਼ਰਧਾਲੂ ਝੁਲਸ ਗਏ ਹਨ। ਘਟਨਾ ਤੋਂ ਬਾਅਦ ਸੰਗਤ ਵਿਚ ਭਾਜੜ ਪੈ ਗਈ।
ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਕੋਟ ਸਦਰ ਖਾਂ ਵਿਖੇ ਸਭਰਾਵਾਂ ਵਾਲੇ ਬਾਬਾ ਜੀ ਵੱਲੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ। ਇਸ ਦੌਰਾਨ ਪਾਲਕੀ ਸਾਹਿਬ ਉਪਰ ਲੱਗੇ ਨਿਸ਼ਾਨ ਸਾਹਿਬ ਦੇ ਬਿਜਲੀ ਕਰੰਟ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਇਹ ਹਾਦਸਾ ਵਾਪਰ ਗਿਆ ।
ਇਸ ਹਾਦਸੇ ਦੇ ਸਬੰਧ ਵਿੱਚ ਜਦੋਂ ਥਾਣਾ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਬਾਅਦ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਇਸ ਘਟਨਾ ਨੂੰ ਲੈ ਕੇ ਪਿੰਡ ਅਤੇ ਆਸੇ-ਪਾਸੇ ਦੇ ਇਲਾਕਿਆਂ ਵਿੱਚ ਸੋਗ ਪਾਇਆ ਜਾ ਰਿਹਾ ਹੈ।
- First Published :