ਮੈਮੈਲਬੌਰਨ ‘ਚ ਚੱਲਦਾ ਹੈ ਵਿਰਾਟ ਦਾ ਰਾਜ, ਚੋਟੀ ਦੇ ਬੱਲੇਬਾਜ਼ਾਂ ‘ਚ ਕਿੰਗ ਕੋਹਲੀ… – News18 ਪੰਜਾਬੀ

ਭਾਰਤੀ ਕ੍ਰਿਕਟ ਟੀਮ ਬ੍ਰਿਸਬੇਨ ਤੋਂ ਮੈਲਬਰਨ ਪਹੁੰਚ ਗਈ ਹੈ, ਜਿੱਥੇ ਉਸ ਨੇ ਚੌਥਾ ਟੈਸਟ ਮੈਚ ਖੇਡਣਾ ਹੈ। ਇਹ ਮੈਚ MCG ਮੈਦਾਨ ‘ਤੇ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਇੱਥੇ ਸ਼ਾਨਦਾਰ ਰਿਕਾਰਡ ਰਿਹਾ ਹੈ। ਉਸ ਨੇ ਇੱਥੇ 4 ਟੈਸਟ ਮੈਚ ਜਿੱਤੇ ਹਨ। ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਵਰਗੇ ਭਾਰਤੀ ਬੱਲੇਬਾਜ਼ਾਂ ਨੇ ਮੈਲਬੌਰਨ ਵਿੱਚ ਆਸਟ੍ਰੇਲੀਆ ਟੀਮ ਨੂੰ ਸਖਤ ਮੁਕਾਬਲਾ ਦਿੱਤਾ ਹੈ। ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਕੋਹਲੀ ਇੱਥੇ ਇੱਕ ਵਾਰ ਫਿਰ ਚੰਗਾ ਪ੍ਰਦਰਸ਼ਨ ਕਰਨਗੇ ਅਤੇ ਭਾਰਤ ਨੂੰ ਜਿੱਤ ਦਿਵਾਉਣ ਵਿੱਚ ਆਪਣੀ ਭੂਮਿਕਾ ਨਿਭਾਉਣਗੇ।
ਵਿਰਾਟ ਕੋਹਲੀ (Virat Kohli) ਨੇ MCG ਯਾਨੀ ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ 3 ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ ਇਨ੍ਹਾਂ ਮੈਚਾਂ ਦੀਆਂ 6 ਪਾਰੀਆਂ ਵਿੱਚ 52.66 ਦੀ ਔਸਤ ਨਾਲ 316 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਸ਼ਾਮਲ ਹਨ। ਕੋਹਲੀ ਨੇ 2014 ‘ਚ ਇੱਥੇ 169 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਮੌਜੂਦਾ ਟੀਮ ‘ਚ ਕੋਹਲੀ ਤੋਂ ਜ਼ਿਆਦਾ ਮੈਲਬਰਨ ‘ਚ ਕਿਸੇ ਨੇ ਵੀ ਦੌੜਾਂ ਨਹੀਂ ਬਣਾਈਆਂ। ਇਸ ਮੈਦਾਨ ‘ਤੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ਾਂ ‘ਚ ਅਜਿੰਕਿਆ ਰਹਾਣੇ (Ajinkya Rahane) ਅਤੇ ਵਿਨੂ ਮਾਂਕੜ ਨੇ ਦੋ-ਦੋ ਸੈਂਕੜੇ ਲਗਾਏ ਹਨ।
ਸਭ ਤੋਂ ਵੱਧ ਦੌੜਾਂ ਸਚਿਨ ਦੇ ਨਾਂ ਹਨ…
MCG ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ (Sachin Tendulkar) ਹਨ। ਉਨ੍ਹਾਂ ਨੇ 5 ਮੈਚਾਂ ‘ਚ 44.90 ਦੀ ਔਸਤ ਨਾਲ 449 ਦੌੜਾਂ ਬਣਾਈਆਂ ਹਨ। ਇਸ ਵਿੱਚ ਇੱਕ ਸੈਂਕੜਾ ਅਤੇ 3 ਅਰਧ ਸੈਂਕੜੇ ਸ਼ਾਮਲ ਹਨ। ਦੂਜੇ ਨੰਬਰ ‘ਤੇ ਅਜਿੰਕਿਆ ਰਹਾਣੇ ਹਨ। ਰਹਾਣੇ ਨੇ ਮੈਲਬਰਨ ‘ਚ 3 ਟੈਸਟ ਮੈਚ ਖੇਡੇ ਹਨ ਅਤੇ 73.80 ਦੀ ਔਸਤ ਅਤੇ 2 ਸੈਂਕੜਿਆਂ ਦੀ ਮਦਦ ਨਾਲ 369 ਦੌੜਾਂ ਬਣਾਈਆਂ ਹਨ।
ਵਰਿੰਦਰ ਸਹਿਵਾਗ (Virender Sehwag), ਗੁੰਡੱਪਾ ਵਿਸ਼ਵਨਾਥ, ਵਿਨੂ ਮਾਂਕੜ ਦੇ ਵੀ ਮੈਲਬੌਰਨ ਵਿੱਚ ਸ਼ਾਨਦਾਰ ਰਿਕਾਰਡ ਹਨ। ਸਹਿਵਾਗ ਨੇ ਇੱਥੇ 70.00 ਦੀ ਔਸਤ ਨਾਲ 280 ਦੌੜਾਂ ਬਣਾਈਆਂ ਹਨ। ਸਹਿਵਾਗ ਵੀ ਇਸ ਮੈਦਾਨ ‘ਤੇ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਹਨ। ਉਨ੍ਹਾਂ ਨੇ 2003 ਵਿੱਚ ਇੱਥੇ 195 ਦੌੜਾਂ ਬਣਾਈਆਂ ਸਨ। ਗੁੰਡੱਪਾ ਵਿਸ਼ਵਨਾਥ ਨੇ MCG ਵਿੱਚ 64.25 ਦੀ ਔਸਤ ਨਾਲ 257 ਦੌੜਾਂ ਬਣਾਈਆਂ ਹਨ। ਵਿਨੂ ਮਾਂਕਡ ਨੇ 2 ਮੈਚਾਂ ‘ਚ 60.00 ਦੀ ਔਸਤ ਨਾਲ 240 ਦੌੜਾਂ ਬਣਾਈਆਂ ਹਨ।
ਸਮਿਥ ਨੇ ਇੱਥੇ ਬਣਾਈਆਂ 1000 ਤੋਂ ਵੱਧ ਦੌੜਾਂ :
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਮੈਦਾਨ ‘ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਟਾਪ-5 ਦੀ ਸੂਚੀ ‘ਚ ਸਿਰਫ ਆਸਟ੍ਰੇਲੀਆ ਦੇ ਨਾਂ ਹਨ। ਮੇਜ਼ਬਾਨ ਹੋਣ ਕਾਰਨ ਆਸਟ੍ਰੇਲੀਆ ਨੇ ਇਸ ਮੈਦਾਨ ‘ਤੇ ਸਭ ਤੋਂ ਵੱਧ ਮੈਚ ਖੇਡੇ ਅਤੇ ਜਿੱਤੇ ਹਨ। ਇੱਥੇ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਡੌਨ ਬ੍ਰੈਡਮੈਨ ਦੇ ਨਾਂ ਹੈ। ਉਸ ਨੇ ਮੈਲਬਰਨ ਵਿੱਚ 11 ਮੈਚਾਂ ਵਿੱਚ 128.53 ਦੀ ਔਸਤ ਨਾਲ 1671 ਦੌੜਾਂ ਬਣਾਈਆਂ ਹਨ। ਮੌਜੂਦਾ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਸਟੀਵ ਸਮਿਥ ਨੇ ਵੀ 11 ਮੈਚਾਂ ‘ਚ 78.07 ਦੀ ਔਸਤ ਨਾਲ 1093 ਦੌੜਾਂ ਬਣਾਈਆਂ ਹਨ।