ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ ਤੋਂ ਕੀਤਾ ਗਿਆ ਗ੍ਰਿਫਤਾਰ

ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ (Rahat Fateh Ali Khan) ਨੂੰ ਦੁਬਈ ਏਅਰਪੋਰਟ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਅਜਿਹਾ ਉਨ੍ਹਾਂ ਦੇ ਸਾਬਕਾ ਮੈਨੇਜਰ ਸਲਮਾਨ ਅਹਿਮਦ ਦੀ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਜਹਾਜ਼ ‘ਚ ਚੜ੍ਹਨ ਤੋਂ ਰੋਕਿਆ ਗਿਆ, ਫਿਰ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।
ਸ਼ੁਰੂਆਤੀ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਾਹਤ ਫਤਿਹ ਅਲੀ ਖਾਨ ਨੂੰ ਯੂਏਈ (UAE) ਵਿੱਚ ਠਹਿਰਣ ਦੌਰਾਨ ਬੁਰਜ ਦੁਬਈ ਪੁਲਿਸ ਸਟੇਸ਼ਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਗਾਇਕ ਰਾਹਤ ਫਤਿਹ ਅਲੀ ਖਾਨ ਉੱਥੇ ਵੱਖ-ਵੱਖ ਸੰਗੀਤਕ ਪ੍ਰੋਗਰਾਮਾਂ ਵਿੱਚ ਪਰਫਾਰਮ ਕਰਨ ਲਈ ਗਏ ਹੋਏ ਸਨ । ਇਸ ਦੌਰਾਨ ਰਾਹਤ ਆਪਣੇ ਸਾਬਕਾ ਮੈਨੇਜਰ ਨਾਲ ਤਣਾਅ ਕਾਰਨ ਪਰੇਸ਼ਾਨੀ ਵਿੱਚ ਰਹੇ । ਸਲਮਾਨ ਅਹਿਮਦ ਨੇ ਰਾਹਤ ਫਤਿਹ ਅਲੀ ਖਾਨ ਖਿਲਾਫ ਦੁਬਈ ਅਤੇ ਹੋਰ ਸ਼ਹਿਰਾਂ ‘ਚ ਕਾਨੂੰਨੀ ਮਾਮਲੇ ਦਰਜ ਕਰਵਾਏ ਹਨ।
ਤੁਹਾਨੂੰ ਦੱਸ ਦੇਈਏ ਕਿ ਰਾਹਤ ਫਤਿਹ ਅਲੀ ਖਾਨ ਇੱਕ ਮਸ਼ਹੂਰ ਗਾਇਕ ਹਨ ਜਿਨ੍ਹਾਂ ਦੀ ਦੁਨੀਆ ਭਰ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਨ੍ਹਾਂ ਨੇ ਭਾਰਤ ਵਿੱਚ ਰਹਿੰਦਿਆਂ ਵੀ ਆਪਣਾ ਬਹੁਤ ਨਾਮ ਕਮਾਇਆ। ਬਾਲੀਵੁੱਡ ‘ਚ ਉਨ੍ਹਾਂ ਦੇ ਨਾਂ ‘ਤੇ ਕਈ ਗੀਤ ਹਨ, ਜੋ ਅੱਜ ਵੀ ਲੋਕਾਂ ‘ਚ ਕਾਫੀ ਮਸ਼ਹੂਰ ਹਨ।
ਰਾਹਤ ਫਤਿਹ ਅਲੀ ਖਾਨ ਦੇ ਬੁਲਾਰੇ ਨੇ ਅਜੇ ਤੱਕ ਕੇਸਾਂ ਅਤੇ ਕਾਨੂੰਨੀ ਕਾਰਵਾਈਆਂ ਬਾਰੇ ਕੋਈ ਅਪਡੇਟ ਸਾਂਝਾ ਨਹੀਂ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹਤ ਉਸ ਸਮੇਂ ਸੁਰਖੀਆਂ ‘ਚ ਆਏ ਸਨ ਜਦੋਂ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਉਨ੍ਹਾਂ ਨੂੰ ਆਪਣੇ ਨਿੱਜੀ ਕਰਮਚਾਰੀ ‘ਤੇ ਹਿੰਸਕ ਹਮਲਾ ਕਰਦੇ ਦਿਖਾਇਆ ਗਿਆ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗਾਇਕ ਨੂੰ ਕਾਫੀ ਟ੍ਰੋਲਸ ਦਾ ਸਾਹਮਣਾ ਕਰਨਾ ਪਿਆ। ਬਾਅਦ ‘ਚ ਰਾਹਤ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ, ਜਿਸ ‘ਚ ਉਹ ਮੁਆਫੀ ਮੰਗਦੇ ਨਜ਼ਰ ਆਏ ਸਨ ।
- First Published :