ਚੀਨ ‘ਚ ਹਨ ਭਾਰਤ ਤੋਂ ਵੱਧ ਕਾਰਾਂ ਫਿਰ ਵੀ ਉੱਥੇ ਕਿਉਂ ਨਹੀਂ ਲੱਗਦੇ ਟ੍ਰੈਫਿਕ ਜਾਮ? ਪੜ੍ਹੋ ਕੀ ਹੈ ਕਾਰਨ

ਸ਼ਹਿਰੀ ਇਲਾਕਿਆਂ ਵਿੱਚ ਰਹਿਣ ਦੀ ਇੱਕ ਸਮੱਸਿਆ ਇਸ ਦੀ ਟ੍ਰੈਫਿਕ ਹੈ। ਤੁਸੀਂ ਦਿਨ ਦੇ ਕਿਸੇ ਵੀ ਸਮੇਂ ਸ਼ਹਿਰ ਦੀਆਂ ਸੜਕਾਂ ਉੱਤੇ ਨਿਕਲ ਜਾਓ, ਤੁਹਾਨੂੰ ਉੱਥੇ ਟ੍ਰੈਫਿਕ ਜਾਮ ਮਿਲੇਗਾ। ਟ੍ਰੈਫਿਕ ਜਾਮ ਵਿਚ ਫਸ ਕੇ ਅਸੀਂ ਹਰ ਰੋਜ਼ ਕਈ ਘੰਟੇ ਬਰਬਾਦ ਕਰਦੇ ਹਾਂ ਅਤੇ ਸਾਡੇ ਜ਼ਰੂਰੀ ਕੰਮ ਵੀ ਲੇਟ ਹੋ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਨਾਲੋਂ ਚੀਨ ਵਿੱਚ ਜ਼ਿਆਦਾ ਵਾਹਨ ਹੋਣ ਦੇ ਬਾਵਜੂਦ ਉੱਥੇ ਦੀਆਂ ਸੜਕਾਂ ‘ਤੇ ਟ੍ਰੈਫਿਕ ਜਾਮ ਕਿਉਂ ਨਹੀਂ ਹੁੰਦਾ? ਇਸ ਦਾ ਇੱਕ ਕਾਰਨ ਚੀਨੀ ਸ਼ਹਿਰਾਂ ਵਿੱਚ ਚੌੜੀਆਂ ਸੜਕਾਂ ਅਤੇ ਬਿਹਤਰ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਹੈ, ਪਰ ਇੱਕ ਹੋਰ ਚੀਜ਼ ਹੈ ਜਿਸ ਕਾਰਨ ਚੀਨ ਵਿੱਚ ਟ੍ਰੈਫਿਕ ਦੀ ਸਮੱਸਿਆ ਨਹੀਂ ਹੁੰਦੀ।
ਦਰਅਸਲ ਚੀਨ ਦੇ ਟ੍ਰੈਫਿਕ ਪ੍ਰਬੰਧਨ ਸਿਸਟਮ ਦੀ ਪੂਰੀ ਦੁਨੀਆ ‘ਚ ਤਾਰੀਫ ਹੁੰਦੀ ਹੈ। ਕਾਰਨ ਇਹ ਹੈ ਕਿ ਸੜਕਾਂ ‘ਤੇ ਕਰੀਬ 32 ਕਰੋੜ ਵਾਹਨ ਹੋਣ ਦੇ ਬਾਵਜੂਦ ਉਥੋਂ ਦੇ ਲੋਕਾਂ ਨੂੰ ਟ੍ਰੈਫਿਕ ਜਾਮ ‘ਚ ਨਹੀਂ ਫਸਣਾ ਪੈਂਦਾ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਕਿਵੇਂ ਸੰਭਵ ਹੈ…
ਚੀਨ ਵਿੱਚ ਸਲਾਈਡਿੰਗ ਡਿਵਾਈਡਰ
ਸਾਡੇ ਦੇਸ਼ ਵਿੱਚ ਤੁਸੀਂ ਜਿੱਥੇ ਵੀ ਜਾਓ, ਤੁਹਾਨੂੰ ਸੜਕਾਂ ‘ਤੇ ਸੀਮਿੰਟ ਦੇ ਬਣੇ ਡਿਵਾਈਡਰ ਨਜ਼ਰ ਆਉਣਗੇ। ਇਹ ਸੜਕ ਦੇ ਦੋਵੇਂ ਪਾਸੇ ਆਵਾਜਾਈ ਨੂੰ ਵੱਖ ਕਰਦਾ ਹੈ, ਪਰ ਜੇਕਰ ਬਹੁਤ ਜ਼ਿਆਦਾ ਵਾਹਨ ਹੋਣ ਤਾਂ ਇਹ ਜਾਮ ਦਾ ਕਾਰਨ ਵੀ ਬਣ ਜਾਂਦਾ ਹੈ। ਭਾਰਤ ਦੇ ਉਲਟ ਚੀਨ ਦੀਆਂ ਸੜਕਾਂ ‘ਤੇ ਸਲਾਈਡਿੰਗ ਡਿਵਾਈਡਰ ਲਗਾਏ ਗਏ ਹਨ, ਜਿਸ ਨੂੰ ਸੜਕ ਦੇ ਇਕ ਪਾਸੇ ਸ਼ਿਫਟ ਕਰਕੇ ਵਾਹਨਾਂ ਲਈ ਜ਼ਿਆਦਾ ਜਗ੍ਹਾ ਬਣਾਈ ਜਾ ਸਕਦੀ ਹੈ।
ਟ੍ਰੈਫਿਕ ਮੈਨੇਜਮੈਂਟ ਵਾਲੇ ਲੋਕ ਸਮੇਂ-ਸਮੇਂ ‘ਤੇ ਵਾਹਨਾਂ ਲਈ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਘਟਾਉਂਦੇ ਵਧਾਉਂਦੇ ਰਹਿੰਦੇ ਹਨ, ਜਿਸ ਨਾਲ ਜਾਮ ਤੋਂ ਛੁਟਕਾਰਾ ਮਿਲਦਾ ਹੈ। ਜਦੋਂ ਆਵਾਜਾਈ ਆਮ ਵਾਂਗ ਹੋ ਜਾਂਦੀ ਹੈ, ਤਾਂ ਉਨ੍ਹਾਂ ਨੂੰ ਪਹਿਲਾਂ ਵਾਲੀ ਥਾਂ ‘ਤੇ ਰੱਖ ਦਿੱਤਾ ਜਾਂਦਾ ਹੈ। ਟਰੈਫਿਕ ਪੁਲੀਸ ਇਹ ਕੰਮ ਵਿਸ਼ੇਸ਼ ਤੌਰ ’ਤੇ ਬਣਾਏ ਵਾਹਨਾਂ ਦੀ ਮਦਦ ਨਾਲ ਕਰਦੀ ਹੈ।
ਭਾਰਤ ਦੇ ਜ਼ਿਆਦਾਤਰ ਵੱਡੇ ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਦੀ ਸਥਿਤੀ ਗੰਭੀਰ ਬਣ ਗਈ ਹੈ। ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਤੋਂ ਹਰ ਰੋਜ਼ ਸੜਕਾਂ ‘ਤੇ ਟ੍ਰੈਫਿਕ ਜਾਮ ਦੀਆਂ ਖਬਰਾਂ ਆ ਰਹੀਆਂ ਹਨ। ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਕੁਝ ਕਿਲੋਮੀਟਰ ਦਾ ਸਫਰ ਤੈਅ ਕਰਨ ‘ਚ ਘੰਟਿਆਂ ਦਾ ਸਮਾਂ ਲੱਗ ਜਾਂਦਾ ਹੈ। ਪਿਛਲੇ ਕੁਝ ਸਾਲਾਂ ‘ਚ ਦੇਸ਼ ‘ਚ ਸੜਕਾਂ ਅਤੇ ਹਾਈਵੇਅ ਬਣਾਉਣ ਦਾ ਕੰਮ ਤੇਜ਼ ਰਫਤਾਰ ਨਾਲ ਹੋਇਆ ਹੈ ਪਰ ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੀ ਸਥਿਤੀ ‘ਚ ਬਹੁਤਾ ਸੁਧਾਰ ਨਹੀਂ ਹੋਇਆ ਹੈ।
ਭਾਰਤ ਵਿੱਚ ਸੜਕ ਜਾਮ ਦਾ ਮੁੱਖ ਕਾਰਨ ਨਜ਼ਾਇਜ ਕਬਜੇ ਹਨ। ਇਸ ਨਾਲ ਸੜਕ ‘ਤੇ ਵਾਹਨਾਂ ਦੇ ਚੱਲਣ ਲਈ ਜਗ੍ਹਾ ਘੱਟ ਜਾਂਦੀ ਹੈ ਅਤੇ ਟ੍ਰੈਫਿਕ ਜਾਮ ਹੋ ਜਾਂਦਾ ਹੈ। ਦੂਜੇ ਪਾਸੇ ਸੜਕਾਂ ’ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਵਾਹਨ ਚਾਲਕਾਂ ਨੂੰ ਵੀ ਟਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਸੜਕ ਹਾਦਸਿਆਂ ਕਾਰਨ ਵੀ ਜਾਮ ਲੱਗ ਜਾਂਦੇ ਹਨ। ਜੇਕਰ ਇਸ ਚੀਨੀ ਤਕਨੀਕ ਨੂੰ ਭਾਰਤੀ ਸ਼ਹਿਰਾਂ ਵਿੱਚ ਵੀ ਅਪਣਾਇਆ ਜਾਵੇ ਤਾਂ ਟ੍ਰੈਫਿਕ ਜਾਮ ਦਾ ਹੱਲ ਹੋ ਸਕਦਾ ਹੈ।