ਹੁਣ 16 ਸਾਲ ਦੀ ਉਮਰ ‘ਚ ਚਲਾ ਸਕੋਗੇ ਸਕੂਟਰ-ਮੋਟਰਸਾਈਕਲ!, ਵਹੀਕਲ ਐਕਟ ‘ਚ ਸੋਧ ਦੀ ਤਿਆਰੀ

Motor Vehicle Act: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਹੀਕਲ ਐਕਟ ਵਿੱਚ ਮਹੱਤਵਪੂਰਨ ਸੋਧਾਂ ਦਾ ਪ੍ਰਸਤਾਵ ਦਿੱਤਾ ਹੈ ਜਿਸ ਦੇ ਤਹਿਤ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੂੰ ਕੇਸ ਦੇ ਨਿਪਟਾਰੇ ਲਈ 12 ਮਹੀਨਿਆਂ ਦੀ ਸਮਾਂ ਸੀਮਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੋਧਾਂ ਵਿੱਚ ਮੋਟਰਸਾਈਕਲ ਦੀ ਕਮਰਸ਼ੀਅਲ ਵਰਤੋਂ ਲ਼ਈ ਕੰਟਰੈਕਟ ਕੈਰੇਜ਼ ਵਜੋਂ ਮਾਨਤਾ ਦੇਣ ਦਾ ਪ੍ਰਸਤਾਵ ਹੈ। ਇਸ ਨਾਲ ਐਗਰੀਗੇਟਰ ਰੈਪਿਡੋ ਅਤੇ ਉਬੇਰ ਵਰਗੀਆਂ ਕੰਪਨੀਆਂ ਮੋਟਰਸਾਈਕਲਾਂ ਦੀ ਵਪਾਰਕ ਤੌਰ ‘ਤੇ ਕਾਨੂੰਨੀ ਵਰਤੋਂ ਕਰ ਸਕਣਗੀਆਂ।
ਕੈਬ ਐਗਰੀਗੇਟਰ ਮੋਟਰਸਾਈਕਲ ਦੀ ਵਰਤੋਂ ਕਰ ਸਕਣਗੇ
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਵਰਤਮਾਨ ਵਿੱਚ ਆਵਾਜਾਈ ਲਈ ਵਰਤੇ ਜਾਣ ਵਾਲੇ ਸਾਰੇ ਵਾਹਨਾਂ ਨੂੰ ਕੰਟਰੈਕਟ ਕੈਰੇਜ ਵਜੋਂ ਵਰਤਿਆ ਜਾ ਸਕਦਾ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਮੋਟਰ ਵਹੀਕਲ ਐਕਟ ਵਿੱਚ ਸੋਧ ਦੀ ਤਜਵੀਜ਼ ਮੋਟਰਸਾਈਕਲਾਂ ਦੀ ਵਰਤੋਂ ਸਬੰਧੀ ਕਾਨੂੰਨੀ ਸਪੱਸ਼ਟਤਾ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ।
ਰਿਪੋਰਟ ਦੇ ਅਨੁਸਾਰ, ਕਈ ਰਾਜਾਂ ਨੇ ਰਾਈਡ-ਹੇਲਿੰਗ ਸੇਵਾਵਾਂ ਲਈ ਮੋਟਰਸਾਈਕਲਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਸੀ, ਜਿਸ ਲਈ ਮੰਤਰਾਲਾ ਇਹ ਸੋਧ ਪ੍ਰਸਤਾਵ ਲੈ ਕੇ ਆ ਰਿਹਾ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਤਰਾਲਾ ਮੋਟਰਸਾਈਕਲਾਂ ਨੂੰ ਸ਼ਾਮਲ ਕਰਨ ਲਈ ਕੈਬ ਐਗਰੀਗੇਟਰ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕਰਨ ਜਾ ਰਿਹਾ ਹੈ।
16-18 ਸਾਲ ਦੇ ਨੌਜਵਾਨਾਂ ਨੂੰ ਮੋਟਰ ਸਾਈਕਲ ਚਲਾਉਣ ਦੀ ਦਿੱਤੀ ਜਾਵੇਗੀ ਇਜਾਜ਼ਤ!
ਘੱਟ ਉਮਰ ਦੇ ਡਰਾਈਵਿੰਗ ਦੀ ਸਮੱਸਿਆ ਨਾਲ ਨਜਿੱਠਣ ਲਈ ਮੰਤਰਾਲੇ ਨੇ 16 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ 50 ਸੀਸੀ ਮੋਟਰਸਾਈਕਲ ਜਾਂ ਇਲੈਕਟ੍ਰਿਕ ਸਕੂਟਰ-ਮੋਟਰਸਾਈਕਲ, ਜਿਸ ਦਾ ਮੋਟਰ ਪਾਵਰ ਵੱਧ ਤੋਂ ਵੱਧ 1500 ਵਾਟ ਹੈ, ਉਸ ਨੂੰ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਉਣ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਕੀਤਾ ਹੈ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਮੋਟਰ ਵਹੀਕਲ ਐਕਟ ਵਿੱਚ 67 ਪ੍ਰਸਤਾਵਿਤ ਸੋਧਾਂ ਪੇਸ਼ ਕਰਨ ਜਾ ਰਿਹਾ ਹੈ ਜਿਸ ਵਿੱਚ ਸਿੱਖਿਆ ਸੰਸਥਾਨਾਂ ਦੀਆਂ ਬੱਸਾਂ ਦੀ ਇੱਕ ਨਵੀਂ ਪਰਿਭਾਸ਼ਾ ਦੇ ਨਾਲ ਉਨ੍ਹਾਂ ਹਲਕੇ ਮੋਟਰ ਵਾਹਨਾਂ (LMV) ਨੂੰ ਉਨ੍ਹਾਂ ਦੇ ਗ੍ਰਾਸ ਵੇਟ ਦੇ ਆਧਾਰ ਉਤੇ ਮੁੜ ਵਰਗੀਕਰਨ ਕਰਨ ਦਾ ਪ੍ਰਸਤਾਵ ਹੈ। ਇਨ੍ਹਾਂ ਸੋਧਾਂ ਵਿੱਚ ਸੁਪਰੀਮ ਕੋਰਟ ਦੇ ਇੱਕ ਕੇਸ ਤੋਂ ਬਾਅਦ ਤਿੰਨ ਪਹੀਆ ਵਾਹਨਾਂ ਨੂੰ ਵੀ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ।