ਰਾਜਨੀਤੀ ‘ਚ Entry ਕਰਨਗੇ ਵਿਨੇਸ਼ ਫੋਗਾਟ? ਕਾਂਗਰਸੀ MP ਹੁੱਡਾ ਨੇ ਕੀਤਾ ਸਵਾਗਤ

ਨਵੀਂ ਦਿੱਲੀ- ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਵਿਨੇਸ਼ ਫੋਗਾਟ ਸ਼ਨੀਵਾਰ ਨੂੰ ਭਾਰਤ ਪਰਤ ਆਈ ਹੈ। ਉਨ੍ਹਾਂ ਦਾ ਜਹਾਜ਼ ਸਵੇਰੇ 10:30 ਵਜੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚਿਆ। ਵਿਨੇਸ਼ ਪੈਰਿਸ ਓਲੰਪਿਕ ਲਈ ਕਈ ਦਿਨਾਂ ਤੋਂ ਪੈਰਿਸ ‘ਚ ਸੀ।
ਭਾਰਤ ਪਰਤਣ ‘ਤੇ ਆਈਜੀਆਈ ਹਵਾਈ ਅੱਡੇ ‘ਤੇ ਉਨ੍ਹਾਂ ਦਾ ਫੁੱਲਾਂ ਅਤੇ ਹਾਰਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕਾਂਗਰਸੀ ਐਮਪੀ ਦੀਪੇਂਦਰ ਸਿੰਘ ਹੁੱਡਾ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਵਰਗੇ ਦਿੱਗਜ ਵੀ ਉਨ੍ਹਾਂ ਦਾ ਸਵਾਗਤ ਕਰਨ ਲਈ ਏਅਰਪੋਰਟ ਪਹੁੰਚੇ ਸਨ, ਜਿਸ ਨੂੰ ਦੇਖ ਕੇ ਉਹ ਕਾਫੀ ਭਾਵੁਕ ਹੋ ਗਈ ਅਤੇ ਹੰਝੂ ਵਹਾ ਦਿੱਤੇ।
ਕੀ ਵਿਨੇਸ਼ ਫੋਗਾਟ ਰਾਜਨੀਤੀ ਵਿੱਚ ਐਂਟਰੀ ਕਰ ਸਕਦੇ ਹਨ, ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀਂ ਜਦੋਂ ਵਿਨੇਸ਼ ਨੂੰ ਕੁਸ਼ਤੀ ਵਿੱਚ ਅਯੋਗ ਠਹਿਰਾ ਦਿੱਤਾ ਸੀ ਤਾਂ ਉਸ ਸਮੇਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਬਿਆਨ ਦਿੱਤਾ ਸੀ ਕਿ ਜੇਕਰ ਉਨ੍ਹਾਂ ਕੋਲ ਬਹੁਮਤ ਹੁੰਦਾ ਤਾਂ ਉਹ ਵਿਨੇਸ਼ ਫੋਗਾਟ ਨੂੰ ਰਾਜ ਸਭਾ ਭੇਜ ਦਿੰਦੇ, ਜਿਸ ਨਾਲ ਪੂਰੇ ਦੇਸ਼ ਦੇ ਖਿਡਾਰੀਆਂ ਦਾ ਹੌਸਲਾ ਵਧ ਸਕਦਾ ਸੀ ਅਤੇ ਅੱਜ ਦਿੱਲੀ ਦੇ ਆਈਜੀਆਈ ਏਅਰਪੋਰਟ ਉਤੇ ਭੁਪਿੰਦਰ ਸਿੰਘ ਹੁੱਡਾ ਦੇ ਪੁੱਤਰ ਅਤੇ ਮੌਜੂਦਾ ਕਾਂਗਰਸੀ ਐਮਪੀ ਵੀ ਵਿਨੇਸ਼ ਫੋਗਾਟ ਨੂੰ ਰਿਸੀਵ ਕਰਨ ਪੁੱਜੇ, ਜਿਸ ਤੋਂ ਬਾਅਦ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਚੈਂਪੀਅਨ ਵਿਨੇਸ਼ ਫੋਗਾਟ ਰਾਜਨੀਤੀ ਵਿੱਚ ਐਂਟਰੀ ਕਰ ਸਕਦੇ ਹਨ।
ਦੱਸ ਦਈਏ ਕਿ ਵਿਨੇਸ਼ ਦੇ ਪਿੰਡ ਬਲਾਲੀ ਵਿੱਚ ਅੱਜ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਅਤੇ ਵਿਨੇਸ਼ ਨੂੰ ਖਾਪ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸੋਨ ਤਗਮਾ ਜੇਤੂ ਵਜੋਂ ਸਨਮਾਨਿਤ ਕੀਤਾ ਜਾਵੇਗਾ। ਪਿੰਡ ਵਿੱਚ ਭਰਵੇਂ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ. ਪ੍ਰੋਗਰਾਮ ਵਿੱਚ ਆਏ ਮਹਿਮਾਨਾਂ ਨੂੰ ਦੇਸੀ ਘਿਓ ਦੇ ਪਕਵਾਨ ਪਰੋਸੇ ਜਾਣਗੇ। ਵਿਨੇਸ਼ ਦੀ ਦਿੱਲੀ ਏਅਰਪੋਰਟ ਤੋਂ ਲੈ ਕੇ ਪਿੰਡ ਬਲਾਲੀ ਤੱਕ ਦਾ ਪੂਰਾ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ ਅਤੇ ਸਾਰੇ ਪ੍ਰੋਗਰਾਮਾਂ ਲਈ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ ਹਨ।
ਵਿਨੇਸ਼ ਦੇ ਭਰਾ ਹਰਵਿੰਦਰ ਫੋਗਾਟ ਨੇ ਦੱਸਿਆ ਕਿ ਵਿਨੇਸ਼ ਸ਼ਨੀਵਾਰ ਸ਼ਾਮ ਕਰੀਬ ਪੰਜ ਵਜੇ ਪਿੰਡ ਪਹੁੰਚੇਗੀ ਅਤੇ ਇਸ ਦੌਰਾਨ ਦੇਸੀ ਘਿਓ ਨਾਲ ਬਣੇ ਲੱਡੂ ਵਰਤਾਏ ਜਾਣਗੇ।