ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰ ਰਿਹਾ ਇਹ ਪੁਲਿਸ ਮੁਲਾਜ਼ਮ, ਸੋਸ਼ਲ ਮੀਡੀਆ ‘ਤੇ ਹੋਇਆ ਮਸ਼ਹੂਰ

ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਜਾਂ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਨਾ ਹੋਣ ਕਾਰਨ ਵੱਡੀ ਗਿਣਤੀ ਸੜਕ ਹਾਦਸੇ ਵਾਪਰਦੇ ਹਨ। ਟਰੈਫਿਕ ਪੁਲਿਸ ਅਤੇ ਕੁੱਝ ਲੋਕਾਂ ਵੱਲੋਂ ਵੱਖ-ਵੱਖ ਤਰੀਕਿਆਂ ਰਾਹੀਂ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਰੋਡ ਸੈਫਟੀ ਨੂੰ ਲੈ ਕੇ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਏ ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਗੀਤ ਗਾ ਕੇ ਲੋਕਾਂ ਨੂੰ ਕੀਤਾ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੁਕ ਕੀਤਾ। ਭੁਪਿੰਦਰ ਸਿੰਘ ਨੇ ਨਿਊਜ਼ 18 ਪੰਜਾਬ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਗੱਡੀ ਹੌਲੀ ਹੀ ਚਲਾਉਣੀ ਚਾਹੀਦੀ ਹੈ, ਖਾਸ ਕਰਕੇ ਧੁੰਦ ਵਿੱਚ ਬਹੁਤ ਹੀ ਧਿਆਨ ਨਾਲ ਡਰਾਈਵਿੰਗ ਕਰਨੀ ਚਾਹੀਦੀ ਹੈ।
ਨਾਲ ਹੀ ਲੋਅ ਬੀਮ ਲਾਈਟ ਜਗਾ ਕੇ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਜੇਕਰ ਉਹ ਚੰਡੀਗੜ੍ਹ ਦੇ ਵਿੱਚ ਵਾਹਨ ਚਲਾਉਂਦੇ ਫੜ੍ਹੇ ਜਾਂਦੇ ਹਨ ਤਾਂ 25000 ਤੱਕ ਦਾ ਉਹਨਾਂ ਨੂੰ ਜੁਰਮਾਨਾ ਤੇ ਇਸ ਦੇ ਨਾਲ ਹੀ ਉਹਨਾਂ ਦਾ ਲਾਈਸੈਂਸ ਸੱਤ ਸਾਲ ਦੇ ਲਈ ਸਸਪੈਂਡ ਅਤੇ ਨਾਲ ਹੀ ਆਰ.ਸੀ ਵੀ ਇੱਕ ਸਾਲ ਲਈ ਜ਼ਬਤ ਕਰ ਲਈ ਜਾਂਦੀ ਹੈ।
ਜਿਸਦਾ ਮਤਲਬ ਕਿ ਇੱਕ ਸਾਲ ਦੇ ਲਈ ਉਹ ਵਾਹਨ, ਬਿਨਾਂ ਆਰਸੀ ਤੋਂ ਸੜਕਾਂ ਤੇ ਨਹੀਂ ਉਤਾਰ ਸਕਦੇ। ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਰੋਡ ਸੇਫਟੀ ਨੂੰ ਲੈ ਕੇ ਸਕੂਲਾਂ ਦੇ ਵਿੱਚ ਵੀ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ ਤਾਂ ਜੋ ਲੋਕ ਇਸਦਾ ਵੱਧ ਤੋਂ ਵੱਧ ਪਾਲਣ ਕਰਕੇ ਦੁਰਘਟਨਾਵਾਂ ਤੋਂ ਬਚ ਸਕਣ।