Diljit Dosanjh ਨੂੰ ਫੈਨ ਨੇ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕੀ ਹੈ ਮਾਮਲਾ

ਗਲੋਬਲ ਸਟਾਰ ਦਿਲਜੀਤ ਦੋਸਾਂਝ ਆਪਣੇ ‘ਦਿਲ-ਲੁਮੀਨਾਟੀ ਟੂਰ’ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਦਿਲਜੀਤ ਦੇ ਇਸ ਟੂਰ ਦੀਆਂ ਟਿਕਟਾਂ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਮੁਕਾਬਲਾ ਹੈ। ਹੁਣ ਦਿਲਜੀਤ ਦੋਸਾਂਝ ਦੇ ਕੰਸਰਟ ਤੋਂ ਪਹਿਲਾਂ ਇੱਕ ਪ੍ਰਸ਼ੰਸਕ ਨੇ ਗਾਇਕ ਨੂੰ ਟਿਕਟਾਂ ਦੀਆਂ ਕੀਮਤਾਂ ਵਿੱਚ ਧੋਖਾਧੜੀ ਨੂੰ ਲੈ ਕੇ ਕਾਨੂੰਨੀ ਨੋਟਿਸ ਭੇਜਿਆ ਹੈ।
ਫ੍ਰੀ ਪ੍ਰੈੱਸ ਜਰਨਲ ਦੀ ਰਿਪੋਰਟ ਮੁਤਾਬਕ ਪ੍ਰਸ਼ੰਸਕ ਨੇ ਆਪਣੀ ਪਛਾਣ ਰਿਧੀਮਾ ਕਪੂਰ ਦੇ ਰੂਪ ‘ਚ ਦੱਸੀ ਹੈ ਅਤੇ ਉਹ ਦਿੱਲੀ ‘ਚ ਰਹਿਣ ਵਾਲੀ ਲਾਅ ਦੀ ਵਿਦਿਆਰਥਣ ਹੈ। ਦਿਲਜੀਤ ਦੋਸਾਂਝ ਦੀ ਮਹਿਲਾ ਪ੍ਰਸ਼ੰਸਕ ਰਿਧੀਮਾ ਕਪੂਰ ਨੇ ਆਪਣੇ ਨੋਟਿਸ ‘ਚ ਸ਼ੋਅ ਦੇ ਪ੍ਰਬੰਧਕਾਂ ‘ਤੇ ਟਿਕਟ ਦੀਆਂ ਕੀਮਤਾਂ ‘ਚ ਹੇਰਾਫੇਰੀ ਕਰਨ ਅਤੇ ਗਾਹਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੇ ਕਾਨੂੰਨੀ ਨੋਟਿਸ ਦੇ ਵਿਸ਼ੇ ਵਿੱਚ ਲਿਖਿਆ ਹੈ, “ਦਿਲਜੀਤ ਦੋਸਾਂਝ ਦੇ ਦਿਲ-ਲੁਮਿਨਾਟੀ ਇੰਡੀਆ ਟੂਰ ਲਈ ਟਿਕਟਾਂ ਦੀ ਕੀਮਤ ਵਿੱਚ ਹੇਰਾਫੇਰੀ, ਗਲਤ ਵਿਕਰੀ ਅਤੇ ਟਿਕਟਾਂ ਦੀ ਕਾਲਾਬਾਜ਼ਾਰੀ।”
ਉਨ੍ਹਾਂ ਦਾਅਵਾ ਕੀਤਾ ਕਿ ਪ੍ਰਬੰਧਕਾਂ ਨੇ ਟਿਕਟ ਬੁਕਿੰਗ ਦਾ ਸਮਾਂ 12 ਸਤੰਬਰ ਦੁਪਹਿਰ 1 ਵਜੇ ਦਾ ਦਿੱਤਾ ਸੀ ਪਰ ਟੂਰ ਲਈ ਪਾਸ 12:59 ਵਜੇ ਉਪਲਬਧ ਕਰਵਾਏ ਗਏ, ਜਿਸ ਕਾਰਨ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇੱਕ ਮਿੰਟ ਵਿੱਚ ਹੀ ਟਿਕਟਾਂ ਬੁੱਕ ਕਰਵਾ ਲਈਆਂ। ਰਿਧੀਮਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਰਲੀ-ਬਰਡ ਪਾਸ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਇੱਕ HDFC ਕ੍ਰੈਡਿਟ ਕਾਰਡ ਖਰੀਦਿਆ ਸੀ, ਪਰ ਫਿਰ ਵੀ ਕੰਸਰਟ ਦੀਆਂ ਟਿਕਟਾਂ ਨਹੀਂ ਮਿਲ ਸਕੀਆਂ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦਾ ਦਿਲ-ਲੁਮਿਨਾਟੀ ਟੂਰ ਦੀ ਸ਼ੁਰੂਆਤ 26 ਅਕਤੂਬਰ, 2024 ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਹੋਵੇਗਾ। ਦਿੱਲੀ ਤੋਂ ਬਾਅਦ ਇਹ ਟੂਰ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੰਗਲੌਰ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਹੋਵੇਗਾ।