ਰਾਹੁਲ ਦ੍ਰਾਵਿੜ ਦੇ ਖ਼ਾਸ ਸ਼ਾਗਿਰਦ ਨੇ IPL ਲਈ ਛੱਡੀ BCCI ਦੀ ਨੌਕਰੀ, ਟੀਮ ਇੰਡੀਆ ਨੂੰ ਦੇ ਚੁੱਕੇ ਹਨ ਕੋਚਿੰਗ

ਕ੍ਰਿਕਟ ਪ੍ਰੇਮੀਆਂ ਲਈ ਆਈਪੀਐਲ ਮਨੋਰੰਜਨ ਤੇ ਖੇਡ ਦਾ ਇੱਕ ਅਜਿਹਾ ਸੁਮੇਲ ਹੈ ਜਿਸ ਨੂੰ ਦੇਖਣ ਲਈ ਹਰ ਸਾਲ ਲੋਕ ਉਡੀਕ ਕਰਦੇ ਹਨ। ਤੁਹਾਨੂੰ ਦਸ ਦੇਈਏ ਕਿ ਆਈਪੀਐਲ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਾਰੀਆਂ ਫਰੈਂਚਾਇਜ਼ੀਆਂ ਹੌਲੀ-ਹੌਲੀ ਆਪਣੇ ਸਪੋਰਟ ਸਟਾਫ ਨੂੰ ਮਜ਼ਬੂਤ ਕਰ ਰਹੀਆਂ ਹਨ। ਹਰ ਰੋਜ਼ ਕਿਸੇ ਨਾ ਕਿਸੇ ਟੀਮ ਬਾਰੇ ਕੋਈ ਨਾ ਕੋਈ ਅਪਡੇਟ ਆਉਂਦੀ ਰਹਿੰਦੀ ਹੈ। ਇਸ ਸੀਰੀਜ਼ ਵਿੱਚ ਰਾਜਸਥਾਨ ਰਾਇਲਜ਼ ਦਾ ਨਾਮ ਵੀ ਜੁੜ ਗਿਆ ਹੈ। ਰਾਹੁਲ ਦ੍ਰਾਵਿੜ ਤੋਂ ਬਾਅਦ, ਫਰੈਂਚਾਇਜ਼ੀ ਨੇ ਇੱਕ ਹੋਰ ਭਾਰਤੀ ਕੋਚ ਨਾਲ ਹੱਥ ਮਿਲਾਇਆ ਹੈ। ਇਹ ਕੋਈ ਹੋਰ ਨਹੀਂ ਸਗੋਂ ਸਾਈਰਾਜ ਬਹੁਤੁਲੇ ਹਨ।
ਰਾਜਸਥਾਨ ਰਾਇਲਜ਼ ਨਾਲ ਦੂਜੀ ਵਾਰੀ ਜੁੜੇ ਹਨ ਸਾਈਰਾਜ ਬਹੁਤੁਲੇ
ਸਾਬਕਾ ਭਾਰਤੀ ਕ੍ਰਿਕਟਰ ਸਾਈਰਾਜ ਬਹੁਤੁਲੇ ਨੂੰ ਰਾਜਸਥਾਨ ਰਾਇਲਜ਼ ਦਾ ਸਪਿਨ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਇਹ 52 ਸਾਲਾ ਬਾਹੁਤੁਲੇ ਦਾ ਰਾਜਸਥਾਨ ਰਾਇਲਜ਼ ਨਾਲ ਦੂਜਾ ਕਾਰਜਕਾਲ ਹੈ। ਇਸ ਤੋਂ ਪਹਿਲਾਂ, ਉਹ 2018 ਤੋਂ 2021 ਤੱਕ ਟੀਮ ਦਾ ਹਿੱਸਾ ਸੀ। ਉਸਨੇ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਹੁਣ ‘ਸੈਂਟਰ ਆਫ਼ ਐਕਸੀਲੈਂਸ’ ਕਿਹਾ ਜਾਂਦਾ ਹੈ।
ਰਾਹੁਲ ਦ੍ਰਾਵਿੜ ਦੇ ਖਾਸ ਸ਼ਾਗਿਰਦ ਹਨ ਸਾਈਰਾਜ ਬਹੁਤੁਲੇ
ਸਾਈਰਾਜ ਬਹੁਤੁਲੇ ਨਿਊਜ਼ੀਲੈਂਡ ਦੇ ਗੇਂਦਬਾਜ਼ੀ ਕੋਚ ਸ਼ੇਨ ਬਾਂਡ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਨਾਲ ਕੰਮ ਕਰਨਗੇ। ਉਹ ਪਹਿਲਾਂ ਦ੍ਰਾਵਿੜ ਨਾਲ ਕੰਮ ਕਰ ਚੁੱਕੇ ਹਨ ਜਦੋਂ ਉਹ ਭਾਰਤੀ ਟੀਮ ਦੇ ਮੁੱਖ ਕੋਚ ਸਨ। ਇਸ ਬਾਰੇ ਸਾਈਰਾਜ ਬਹੁਤੁਲੇ ਨੇ ਕ੍ਰਿਕਬਜ਼ ਨੂੰ ਦੱਸਿਆ ਕਿ “ਗੱਲਬਾਤ ਜਾਰੀ ਹੈ ਅਤੇ ਮੈਂ ਫਰੈਂਚਾਇਜ਼ੀ ਨਾਲ ਆਪਣੇ ਸਬੰਧ ਨੂੰ ਅੰਤਿਮ ਰੂਪ ਦੇਣ ਦੇ ਨੇੜੇ ਹਾਂ। ਅਜੇ ਵੀ ਕੁਝ ਚੀਜ਼ਾਂ ‘ਤੇ ਕੰਮ ਕਰਨਾ ਬਾਕੀ ਹੈ, ਪਰ ਮੈਂ ਰਾਜਸਥਾਨ ਰਾਇਲਜ਼ ਨਾਲ ਵਾਪਸ ਆਉਣ ਲਈ ਉਤਸ਼ਾਹਿਤ ਹਾਂ।”
630 ਵਿਕਟਾਂ ਅਤੇ ਨੌਂ ਸੈਂਕੜੇ
ਸਾਈਰਾਜ ਬਹੁਤੁਲੇ ਆਪਣੇ ਸਮੇਂ ਦੇ ਇੱਕ ਮਹਾਨ ਸਪਿਨਰ ਰਹੇ ਹਨ। ਉਸਨੇ ਬੱਲੇ ਨਾਲ ਵੀ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਮੁੰਬਈ ਦੇ ਇਸ ਦਿੱਗਜ ਖਿਡਾਰੀ ਨੇ ਭਾਵੇਂ ਭਾਰਤ ਲਈ ਸਿਰਫ਼ ਦੋ ਟੈਸਟ ਅਤੇ ਅੱਠ ਇੱਕ ਰੋਜ਼ਾ ਮੈਚ ਖੇਡੇ ਹੋਣ, ਪਰ ਘਰੇਲੂ ਕ੍ਰਿਕਟ ਵਿੱਚ ਉਸ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਉਸਨੇ 188 ਪਹਿਲੇ ਦਰਜੇ ਦੇ ਮੈਚਾਂ ਵਿੱਚ 630 ਵਿਕਟਾਂ ਲਈਆਂ ਹਨ, ਜਿਸ ਵਿੱਚ ਨੌਂ ਸੈਂਕੜੇ ਅਤੇ 26 ਅਰਧ ਸੈਂਕੜੇ ਸ਼ਾਮਲ ਹਨ।