ਬੰਗਲਾਦੇਸ਼ ਭੱਜ ਰਹੇ ਰੋਹਿੰਗਿਆ ‘ਤੇ ਹਮਲਾ, 200 ਦੇ ਕਰੀਬ ਮੌਤਾਂ, ਥਾਂ-ਥਾਂ ਖਿੱਲਰੀਆਂ ਲਾਸ਼ਾਂ…

ਬੰਗਲਾਦੇਸ਼ ਵਿਚ ਇਨ੍ਹੀਂ ਦਿਨੀਂ ਹਿੰਸਕ ਪ੍ਰਦਰਸ਼ਨਾਂ ਕਾਰਨ ਕਾਫੀ ਗੜਬੜ ਹੈ, ਹਾਲਾਂਕਿ ਇਸ ਦੇ ਬਾਵਜੂਦ ਮਿਆਂਮਾਰ ਦੇ ਕਈ ਰੋਹਿੰਗਿਆ ਮੁਸਲਮਾਨ ਸਰਹੱਦ ਪਾਰ ਕਰਕੇ ਬੰਗਲਾਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ। ਮਿਆਂਮਾਰ ਤੋਂ ਭੱਜ ਰਹੇ ਰੋਹਿੰਗਿਆ ਮੁਸਲਮਾਨਾਂ ਦੇ ਅਜਿਹੇ ਹੀ ਇੱਕ ਗਰੁੱਪ ਉਤੇ ਸਰਹੱਦ ਨੇੜੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਡਰੋਨ ਹਮਲੇ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 200 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਚਾਰ ਚਸ਼ਮਦੀਦਾਂ, ਕਾਰਕੁਨਾਂ ਅਤੇ ਇੱਕ ਡਿਪਲੋਮੈਟ ਨੇ ਇਨ੍ਹਾਂ ਡਰੋਨ ਹਮਲਿਆਂ ਬਾਰੇ ਦੱਸਿਆ, ਜਿਸ ਵਿੱਚ ਬੰਗਲਾਦੇਸ਼ ਦੀ ਸਰਹੱਦ ਪਾਰ ਕਰਨ ਦੀ ਉਡੀਕ ਕਰ ਰਹੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕਈ ਚਸ਼ਮਦੀਦਾਂ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਲੋਕ ਰਿਸ਼ਤੇਦਾਰਾਂ ਦੀ ਪਛਾਣ ਕਰਨ ਲਈ ਲਾਸ਼ਾਂ ਦੇ ਢੇਰਾਂ ਵਿਚਕਾਰ ਭਟਕ ਰਹੇ ਸਨ।
ਰਾਇਟਰਜ਼ ਨੇ ਤਿੰਨ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਪਿੱਛੇ ਅਰਾਕਾਨ ਆਰਮੀ ਦਾ ਹੱਥ ਸੀ, ਹਾਲਾਂਕਿ ਸਮੂਹ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮਿਆਂਮਾਰ ਦੀ ਫੌਜ ਅਤੇ ਮਿਲੀਸ਼ੀਆ ਨੇ ਇਕ ਦੂਜੇ ‘ਤੇ ਹਮਲੇ ਦਾ ਦੋਸ਼ ਲਗਾਇਆ ਹੈ।
ਚਾਰੇ ਪਾਸੇ ਲਾਸ਼ਾਂ ਖਿੱਲਰੀਆਂ ਨਜ਼ਰ ਆਈਆਂ
ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਗਈ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਚਿੱਕੜ ਵਾਲੇ ਖੇਤ ‘ਚ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਉਨ੍ਹਾਂ ਦੇ ਸੂਟਕੇਸ ਅਤੇ ਬੈਕਪੈਕ ਉਨ੍ਹਾਂ ਦੇ ਆਲੇ-ਦੁਆਲੇ ਖਿੱਲਰੇ ਪਏ ਸਨ। 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰਿਪੋਰਟ ਮੁਤਾਬਕ ਮੁਹੰਮਦ ਇਲਿਆਸ (35) ਨਾਂ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਹਮਲੇ ਵਿਚ ਉਸ ਦੀ ਗਰਭਵਤੀ ਪਤਨੀ ਅਤੇ 2 ਸਾਲ ਦੀ ਬੇਟੀ ਜ਼ਖਮੀ ਹੋ ਗਈ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ। ਇਲਿਆਸ ਨੇ ਬੰਗਲਾਦੇਸ਼ ਦੇ ਇੱਕ ਸ਼ਰਨਾਰਥੀ ਕੈਂਪ ਤੋਂ ਰਾਇਟਰਜ਼ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਨਾਲ ਬੀਚ ‘ਤੇ ਖੜ੍ਹਾ ਸੀ ਜਦੋਂ ਡਰੋਨ ਨੇ ਭੀੜ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਇਲਿਆਸ ਨੇ ਦੱਸਿਆ, ‘ਮੈਂ ਕਈ ਵਾਰ ਗੋਲੀ ਚੱਲਣ ਦੀ ਆਵਾਜ਼ ਸੁਣੀ।’ ਉਹ ਆਪਣੇ ਆਪ ਨੂੰ ਬਚਾਉਣ ਲਈ ਜ਼ਮੀਨ ‘ਤੇ ਲੇਟ ਗਿਆ ਅਤੇ ਜਦੋਂ ਉਹ ਉਠਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਅਤੇ ਧੀ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਉਸ ਦੇ ਕਈ ਹੋਰ ਰਿਸ਼ਤੇਦਾਰ ਮਰੇ ਹੋਏ ਸਨ।