Dera Beas ਦੇ ਵਾਰਿਸ ਜਸਦੀਪ ਸਿੰਘ ਗਿੱਲ ਨੂੰ ਮਿਲੀ Z Security, ਜਾਣੋ ਕਿਉਂ ਵਧਾਈ ਗਈ ਸੁਰੱਖਿਆ?

ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਹਾਲ ਹੀ ਵਿੱਚ ਆਪਣਾ ਉਤਰਾਧਿਕਾਰੀ ਚੁਣਿਆ ਹੈ। ਉਨ੍ਹਾਂ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਨਾਮਜ਼ਦ ਕੀਤਾ ਹੈ, ਜਿਨ੍ਹਾਂ ਨੂੰ ਸਤਿਗੁਰੂ ਵਜੋਂ ਨਾਮ ਦਾਨ ਦਾ ਵੀ ਅਧਿਕਾਰ ਹੋਵੇਗਾ। ਇਸ ਦੌਰਾਨ ਅਹਿਮ ਖਬਰ ਸਾਹਮਣੇ ਆਈ ਹੈ। ਹੁਣ ਡੇਰਾ ਬਿਆਸ ਦੇ ਵਾਰਿਸ ਨੂੰ ਵੀਆਈਪੀ (VIP) ਸੁਰੱਖਿਆ ਦਿੱਤੀ ਗਈ ਹੈ।
ਇਹ ਸੁਰੱਖਿਆ ਗ੍ਰਹਿ ਮੰਤਰਾਲੇ ਨੇ ਖੁਫੀਆ ਰਿਪੋਰਟ ਦੇ ਆਧਾਰ ‘ਤੇ ਦਿੱਤੀ ਹੈ। ਸੀਆਰਪੀਐਫ ਕਮਾਂਡੋ (CRPF) ਜਸਦੀਪ ਸਿੰਘ ਗਿੱਲ ਨੂੰ ਸੁਰੱਖਿਆ ਪ੍ਰਦਾਨ ਕਰਨਗੇ। ਪਤਾ ਲੱਗਾ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ। ਦੱਸ ਦੇਈਏ ਕਿ ਡੇਰਾ ਬਿਆਸ ‘ਚ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਪਹੁੰਚਦੇ ਹਨ।
ਹਾਲ ਹੀ ਵਿੱਚ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਵਾਰਿਸ ਐਲਾਨਿਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।
ਦੱਸ ਦੇਈਏ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਅਤੇ ਦਿਲ ਦੀ ਬੀਮਾਰੀ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ, ਨੇ ਇਸ ਫੈਸਲੇ ਦਾ ਐਲਾਨ ਕੀਤਾ ਸੀ। ਇਸ ਅਹਿਮ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਸਾਰੇ ਸੇਵਾ ਇੰਚਾਰਜਾਂ ਨੂੰ ਅਧਿਕਾਰਤ ਪੱਤਰ ਵੀ ਭੇਜ ਦਿੱਤਾ ਗਿਆ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਸਪੁੱਤਰ ਜਸਦੀਪ ਸਿੰਘ ਗਿੱਲ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦਾ ਨਵਾਂ ਸਰਪ੍ਰਸਤ ਨਿਯੁਕਤ ਕੀਤਾ ਹੈ। ਜਸਦੀਪ ਸਿੰਘ ਗਿੱਲ ਇਹ ਭੂਮਿਕਾ ਸੰਭਾਲਣਗੇ ਅਤੇ 2 ਸਤੰਬਰ, 2024 ਤੋਂ ਤੁਰੰਤ ਪ੍ਰਭਾਵ ਨਾਲ ਸੰਗਤ ਦੀ ਅਗਵਾਈ ਕਰਨਗੇ।