ਸੰਨਿਆਸ ਤੋਂ ਬਾਅਦ ਸ਼ਿਖਰ ਧਵਨ ਨੇ ਚੁੱਕਿਆ ਵੱਡਾ ਕਦਮ, ਇਸ ਕ੍ਰਿਕੇਟ ਲੀਗ ‘ਚ ਹੋਏ ਸ਼ਾਮਲ

ਲਗਭਗ ਡੇਢ ਦਹਾਕੇ ਤੱਕ ਭਾਰਤੀ ਕ੍ਰਿਕਟ ‘ਚ ਆਪਣੀ ਤਾਕਤ ਦਿਖਾਉਣ ਤੋਂ ਬਾਅਦ ਟੀਮ ਇੰਡੀਆ ਦੇ ਗੱਬਰ ਯਾਨੀ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਸੰਨਿਆਸ ਲੈਣ ਤੋਂ ਬਾਅਦ ਸੋਮਵਾਰ ਨੂੰ ਲੈਜੈਂਡਜ਼ ਲੀਗ ਕ੍ਰਿਕਟ (LLC) ਵਿੱਚ ਸ਼ਾਮਲ ਹੋ ਗਏ। ਇਸ 38 ਸਾਲਾ ਖਿਡਾਰੀ ਨੇ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਹ ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) ਤੋਂ ਇਲਾਵਾ ਟੀ-20 ਲੀਗਾਂ ‘ਚ ਵੀ ਖੇਡ ਸਕਦੇ ਹਨ।
ਧਵਨ ਨੇ ਬਿਆਨ ‘ਚ ਕਿਹਾ, ‘‘ਮੈਂ ਅਜੇ ਵੀ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਹਾਂ। ਹਾਲਾਂਕਿ ਮੈਂ ਆਪਣੇ ਫੈਸਲੇ ਤੋਂ ਸੰਤੁਸ਼ਟ ਹਾਂ ਪਰ ਕ੍ਰਿਕਟ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਰਹੇਗਾ। ਮੈਂ ਆਪਣੇ ਕ੍ਰਿਕਟ ਦੋਸਤਾਂ ਨਾਲ ਮੁੜ ਜੁੜਨ ਅਤੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਉਤਸੁਕ ਹਾਂ ਕਿਉਂਕਿ ਅਸੀਂ ਇਕੱਠੇ ਨਵੀਆਂ ਯਾਦਾਂ ਬਣਾਉਂਦੇ ਹਾਂ।”
ਸਾਲ 2010 ‘ਚ ਇਸ ਮਹਾਨ ਬੱਲੇਬਾਜ਼ ਨੇ ਆਸਟ੍ਰੇਲੀਆ ਖਿਲਾਫ ਵਨਡੇ ‘ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। 2013 ‘ਚ ਆਪਣਾ ਟੈਸਟ ਡੈਬਿਊ ਕਰਦੇ ਹੋਏ ਉਨ੍ਹਾਂ ਨੇ ਮੋਹਾਲੀ ‘ਚ ਆਸਟ੍ਰੇਲੀਆ ਖਿਲਾਫ 187 ਦੌੜਾਂ ਦੀ ਪਾਰੀ ਖੇਡ ਕੇ ਰਿਕਾਰਡ ਬਣਾਇਆ ਸੀ।
ਧਵਨ ਨੇ 34 ਟੈਸਟ, 167 ਵਨਡੇ ਅਤੇ 68 ਟੀ-20 ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁੱਲ 12,286 ਦੌੜਾਂ ਬਣਾਈਆਂ। ਲੀਜੈਂਡਸ ਲੀਗ ਕ੍ਰਿਕਟ ਮੁਕਾਬਲਾ ਸਤੰਬਰ ਵਿੱਚ ਖੇਡਿਆ ਜਾਵੇਗਾ। ਸਾਲ 2022 ਵਿੱਚ, ਸ਼ਿਖਰ ਧਵਨ ਨੇ ਭਾਰਤ ਲਈ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।
ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਚਿਆ ਇਤਿਹਾਸ
ਸ਼ਿਖਰ ਧਵਨ ਨੇ 2020 ‘ਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ ‘ਚ ਲਗਾਤਾਰ ਦੋ ਮੈਚਾਂ ‘ਚ ਸੈਂਕੜੇ ਲਗਾ ਕੇ ਇਤਿਹਾਸ ਰਚ ਦਿੱਤਾ ਸੀ। ਉਹ ਇਸ ਟੂਰਨਾਮੈਂਟ ਵਿੱਚ ਅਜਿਹਾ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਲਗਾਤਾਰ ਦੋ ਮੈਚਾਂ ‘ਚ ਸੈਂਕੜੇ ਲਗਾਉਣ ਦਾ ਕਾਰਨਾਮਾ ਕਿਸੇ ਨੇ ਨਹੀਂ ਕੀਤਾ ਸੀ। ਆਈਪੀਐਲ ਵਿੱਚ ਸਭ ਤੋਂ ਵੱਧ ਚੌਕੇ ਮਾਰਨ ਦਾ ਰਿਕਾਰਡ ਅੱਜ ਵੀ ਇਸ ਬੱਲੇਬਾਜ਼ ਦੇ ਨਾਂ ਦਰਜ ਹੈ।