ਆਦਮਖੋਰ ਤੇਂਦੂਏ ਨੂੰ ਫੜਨ ਲਈ ਫੌਜ ਬੁਲਾਈ, ਡਰੋਨਾਂ ਰਾਹੀਂ ਚੱਲ ਰਿਹੈ ਸਰਚ ਆਪਰੇਸ਼ਨ

Udaipur News: ਹੁਣ ਉਦੈਪੁਰ ਦੇ ਗੋਗੁੰਦਾ ਇਲਾਕੇ ‘ਚ ਘੁੰਮ ਰਹੇ ਆਦਮਖੋਰ ਤੇਂਦੂਏ ਨੂੰ ਫੜਨ ਲਈ ਫੌਜ ਬੁਲਾਈ ਗਈ ਹੈ। ਜੰਗਲਾਤ ਵਿਭਾਗ ਦੀ ਟੀਮ ਦੇ ਨਾਲ ਫੌਜ ਦੇ 80 ਜਵਾਨ ਆਦਮਖੋਰ ਤੇਂਦੂਏ ਨੂੰ ਲੱਭਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਪਰ ਅਜੇ ਤੱਕ ਉਹ ਫੜਿਆ ਨਹੀਂ ਗਿਆ ਹੈ।
ਤੇਂਦੂਏ ਨੂੰ ਲੱਭਣ ਲਈ ਜੰਗਲ ਵਿੱਚ ਡਰੋਨ ਦੀ ਵਰਤੋਂ ਕਰਕੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਵੱਖ-ਵੱਖ ਥਾਵਾਂ ਉਤੇ ਪਿੰਜਰੇ ਲਗਾਏ ਗਏ ਹਨ। ਇੱਥੇ ਆਦਮਖੋਰ ਤੇਂਦੂਏ ਨੇ ਪਿਛਲੇ 12 ਦਿਨਾਂ ਵਿੱਚ ਤਿੰਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਸ ਆਦਮਖੋਰ ਤੇਂਦੂਏ ਨੂੰ ਲੱਭਣ ਲਈ ਜੰਗਲਾਤ ਵਿਭਾਗ ਨੇ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਦੀ ਮਦਦ ਨਾਲ ਆਪਣੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਸੀ, ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਕਾਰਨ ਸ਼ਨੀਵਾਰ ਨੂੰ ਫੌਜ ਬੁਲਾ ਲਈ ਗਈ।
ਇਸ ਤੋਂ ਬਾਅਦ ਫੌਜ ਦੇ 80 ਤੋਂ ਵੱਧ ਜਵਾਨ ਉਦੈਪੁਰ ਪਹੁੰਚੇ। ਫੌਜ ਦੇ ਜਵਾਨ ਦੋ ਡਰੋਨ ਕੈਮਰਿਆਂ ਨਾਲ ਪੂਰੇ ਇਲਾਕੇ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਦੀਆਂ 8 ਟੀਮਾਂ ਗੋਗੁੰਦਾ ਜੰਗਲ ਦੇ ਹਰ ਕੋਨੇ ਦੀ ਤਲਾਸ਼ੀ ਲੈਣ ਵਿੱਚ ਜੁਟੀਆਂ ਹੋਈਆਂ ਹਨ। ਸ਼ਨੀਵਾਰ ਨੂੰ ਡੀਐਫਓ, ਐਸਡੀਐਮ, ਪੁਲਿਸ ਅਧਿਕਾਰੀ ਅਤੇ ਬੀਡੀਓ ਵੀ ਮੌਕੇ ’ਤੇ ਮੌਜੂਦ ਸਨ।
ਪਹਿਲੀ ਵਾਰ ਫੌਜ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ
ਆਦਮਖੋਰ ਤੇਂਦੂਏ ਨੂੰ ਫੜਨ ਲਈ ਪਹਿਲੀ ਵਾਰ ਫੌਜ ਵੱਲੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਆਦਮਖੋਰ ਤੇਂਦੂਏ ਕਾਰਨ ਇਸ ਪੂਰੇ ਇਲਾਕੇ ਦੇ ਪਿੰਡ ਵਾਸੀ ਡਰੇ ਹੋਏ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਨੁੱਖਾਂ ਉਤੇ ਹਮਲਾ ਕਰਨ ਵਾਲਾ ਇੱਕ ਤੇਂਦੂਆ ਜਾਂ ਵੱਧ ਹਨ। ਪਰ ਤੇਂਦੂਆ ਦੇ ਡਰ ਕਾਰਨ ਲੋਕ ਹੁਣ ਰਾਤ ਨੂੰ ਹੀ ਨਹੀਂ ਦਿਨ ਵੇਲੇ ਵੀ ਜੰਗਲ ਵਿੱਚੋਂ ਲੰਘਣ ਤੋਂ ਡਰਦੇ ਹਨ।
ਪਿਛਲੇ ਬੁੱਧਵਾਰ ਅਤੇ ਵੀਰਵਾਰ ਨੂੰ ਗੋਗੁੰਦਾ ਇਲਾਕੇ ‘ਚ ਪੈਂਥਰ ਨੇ ਦੋ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਇਸ ਤੋਂ ਪਹਿਲਾਂ 8 ਸਤੰਬਰ ਨੂੰ ਝਡੋਲ ਇਲਾਕੇ ‘ਚ ਇਕ ਪੈਂਥਰ ਨੇ ਇਕ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਇਸ ਪੈਂਥਰ ਨੇ ਔਰਤ ਦਾ ਸਿਰ ਅਤੇ ਧੜ ਵੀ ਵੱਖ ਕਰ ਦਿੱਤਾ ਸੀ। ਇਨ੍ਹਾਂ ਇਲਾਕਿਆਂ ਦੇ ਪਿੰਡ ਵਾਸੀ ਪਹਿਲਾਂ ਵੀ ਪੈਂਥਰਾਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਵਾਰ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਕਾਰਨ ਪੂਰੇ ਇਲਾਕੇ ਵਿੱਚ ਪੈਂਥਰ ਦੀ ਦਹਿਸ਼ਤ ਫੈਲ ਗਈ ਹੈ।