ਸਕੂਲ ਬੱਸ ਨੂੰ ਲੱਗੀ ਅੱਗ, 25 ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੌਤ ਦਾ ਖ਼ਦਸ਼ਾ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਇਕ ਸਕੂਲ ਬੱਸ ਨੂੰ ਅੱਗ ਲੱਗ ਜਾਣ ਕਾਰਨ 25 ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਤ ਦਾ ਖ਼ਦਸ਼ਾ ਹੈ, ਜਦੋਂਕਿ ਹੋਰ 16 ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਭਾਵੇਂ ਫ਼ੌਰੀ ਤੌਰ ਉਤੇ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ, ਪਰ ਗ੍ਰਹਿ ਮੰਤਰੀ ਅਨੁਤਿਨ ਚਾਰਨਵਰਾਕੁਲ ਨੇ ਕਿਹਾ ਕਿ ਹਾਦਸੇ ਵਿਚ 25 ਜਾਨਾਂ ਚਲੇ ਜਾਣ ਦਾ ਖ਼ਦਸ਼ਾ ਹੈ। ਟਰਾਂਸਪੋਰਟ ਮੰਤਰੀ ਸੂਰਿਆ ਜੌਂਗਰੂੰਗਰੁਨਾਕਿਤ ਨੇ ਦੱਸਿਆ ਕਿ 16 ਹੋਰ ਮੁਸਾਫ਼ਰਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਅਧਿਕਾਰੀ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੇ ਘਟਨਾ ਵਾਲੀ ਥਾਂ ਦੀ ਜਾਂਚ ਪੂਰੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਬਚੇ ਲੋਕਾਂ ਦੀ ਗਿਣਤੀ ਦੇ ਆਧਾਰ ਉਤੇ 25 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬੱਸ ਅਜੇ ਵੀ ਇੰਨੀ ਗਰਮ ਸੀ ਕਿ ਉਹ ਸੁਰੱਖਿਅਤ ਅੰਦਰ ਨਹੀਂ ਜਾ ਸਕੇ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਇਸ ਘਟਨਾ ਦੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਬੱਸ ਸੜ ਰਹੀ ਹੈ ਅਤੇ ਉਸ ‘ਚੋਂ ਕਾਲੇ ਧੂੰਏਂ ਦੇ ਬੱਦਲ ਨਿਕਲ ਰਹੇ ਹਨ।
ਇਸ ਘਟਨਾ ਸਬੰਧੀ ਵਿਦਿਆਰਥੀਆਂ ਦੀ ਉਮਰ ਅਤੇ ਹੋਰ ਵੇਰਵਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਮੌਜੂਦ ਇਕ ਬਚਾਅ ਕਰਮਚਾਰੀ ਨੇ ਦੱਸਿਆ ਕਿ ਅੱਗ ਸ਼ਾਇਦ ਬੱਸ ਦਾ ਟਾਇਰ ਫਟਣ ਅਤੇ ਫਿਰ ਸੜਕ ਦੇ ਬੈਰੀਅਰ ਨਾਲ ਟਕਰਾਉਣ ਕਾਰਨ ਲੱਗੀ।
- First Published :