ਚੰਡੀਗੜ੍ਹ ‘ਚ 350 ਲੋਕਾਂ ਦੇ ਕਮੇਟੀ ਦੇ 8 ਕਰੋੜ ਰੁਪਏ ਲੈ ਕੇ ਫਰਾਰ ਹੋ ਗਈ ਆਂਟੀ

ਚੰਡੀਗੜ੍ਹ ‘ਚ ਇਕ ਔਰਤ 350 ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਈ। ਚੰਡੀਗੜ੍ਹ ਦੇ ਪਿੰਡ ਕਜਹੇੜੀ ਵਿੱਚ ਇੱਕ ਔਰਤ ਵੱਲੋਂ ਕਮੇਟੀ ਦੇ ਕਰੀਬ 350 ਲੋਕਾਂ ਤੋਂ 7 ਤੋਂ 8 ਕਰੋੜ ਰੁਪਏ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਹੰਗਾਮਾ ਮਚਾ ਦਿੱਤਾ ਅਤੇ ਥਾਣੇ ਪਹੁੰਚ ਕੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਸੈਕਟਰ-36 ਥਾਣੇ ਵਿੱਚ ਮੁਲਜ਼ਮ ਔਰਤ ਰਾਜਵੰਤੀ ਸਮੇਤ ਉਸ ਦੇ ਲੜਕੇ ਅਤੇ ਨੂੰਹ ਖ਼ਿਲਾਫ਼ ਬੀਐਨਐਸ ਐਕਟ 318 (4) ਅਤੇ 61 (2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪਿੰਕੀ, ਰੀਨਾ ਦੇਵੀ, ਗਿਆਨ ਸਿੰਘ, ਨਰਿੰਦਰ, ਵਿਕਾਸ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਕਰੀਬ 20 ਤੋਂ 25 ਸਾਲਾਂ ਤੋਂ ਔਰਤ ਰਾਜਵੰਤੀ (52) ਆਪਣੇ ਲੜਕੇ ਰਾਜੇਸ਼, ਬੇਟੀ ਦੀਪਾ ਅਤੇ ਨੂੰਹ ਨਾਲ ਕਜਹੇੜੀ ਵਿਚ ਰਹਿੰਦੀ ਸੀ। ਲੋਕਾਂ ਦੀਆਂ ਕਮੇਟੀਆਂ ਬਣਾਉਣ ਤੋਂ ਇਲਾਵਾ ਉਹ ਅਕਸਰ ਲੋਕਾਂ ਤੋਂ ਲੱਖਾਂ ਰੁਪਏ ਲੈਂਦੀ ਸੀ ਅਤੇ ਬਾਅਦ ਵਿੱਚ ਮੋਟੇ ਵਿਆਜ ਨਾਲ ਵਾਪਸ ਕਰ ਦਿੰਦੀ ਸੀ।
ਇਨ੍ਹਾਂ ਵਿੱਚੋਂ ਵਿਕਾਸ ਕੁਮਾਰ ਨੇ ਔਰਤ ਨੂੰ ਕਰੀਬ 1.25 ਕਰੋੜ, ਵੰਦਨਾ ਠਾਕੁਰ ਨੇ 60 ਲੱਖ, ਗਿਆਨ ਸਿੰਘ ਨੇ 5 ਲੱਖ, ਅੰਜਲੀ ਨੇ 10 ਲੱਖ, ਮੋਹਿਤ ਨੇ 25 ਲੱਖ, ਪਿੰਕੀ ਦੇਵੀ ਨੇ 1 ਲੱਖ, ਨਰਿੰਦਰ ਕੌਰ ਨੇ 4.60 ਲੱਖ, ਗੁਰਪ੍ਰੀਤ ਕੌਰ ਨੇ 4 ਲੱਖ, ਸੁਖਵਿੰਦਰ ਸਿੰਘ ਨੇ 1 ਕਰੋੜ ਰੁਪਏ ਦਿੱਤੇ। ਇਨ੍ਹਾਂ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਗੂਗਲ ਪੇਅ ਅਤੇ ਹੋਰ ਸਾਧਨਾਂ ਰਾਹੀਂ ਔਰਤ ਰਾਜਵੰਤੀ ਨੂੰ 50 ਹਜ਼ਾਰ ਤੋਂ 10 ਲੱਖ ਰੁਪਏ ਨਕਦ ਟਰਾਂਸਫਰ ਕੀਤੇ ਸਨ। ਇਨ੍ਹਾਂ ਲੋਕਾਂ ਨੇ ਮਹਿਲਾ ਕੋਲ ਕਰੀਬ 7 ਤੋਂ 8 ਕਰੋੜ ਰੁਪਏ ਜਮ੍ਹਾ ਕਰਵਾਏ ਸਨ।
ਦੋ ਸਾਲ ਪਹਿਲਾਂ ਵੇਚ ਚੁੱਕੀ ਹੈ ਆਪਣਾ ਘਰ
ਹੁਣ ਸਥਾਨਕ ਲੋਕਾਂ ਨੂੰ ਪਤਾ ਲੱਗਾ ਕਿ ਮਹਿਲਾ ਰਾਜਵੰਤੀ ਉਨ੍ਹਾਂ ਦੇ ਪੈਸੇ ਲੈ ਕੇ ਕਿਤੇ ਫਰਾਰ ਹੋ ਗਈ ਹੈ। 23 ਸਤੰਬਰ ਨੂੰ ਪਹਿਲਾਂ ਔਰਤ ਖੁਦ ਘਰੋਂ ਨਿਕਲੀ ਅਤੇ ਉਸ ਤੋਂ ਬਾਅਦ ਉਸ ਦੀ ਬੇਟੀ ਵੀ ਸਵੇਰੇ ਚਾਰ ਵਜੇ ਘਰੋਂ ਨਿਕਲ ਗਈ, ਜਿਸ ਨੂੰ ਸਥਾਨਕ ਲੋਕਾਂ ਨੇ ਵੀ ਜਾਂਦੇ ਦੇਖਿਆ ਪਰ ਉਦੋਂ ਤੱਕ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਜਾ ਰਹੀ ਸੀ। ਉਸ ਦਾ ਪੁੱਤਰ ਅਤੇ ਨੂੰਹ ਪਹਿਲਾਂ ਹੀ ਘਰੋਂ ਨਿਕਲ ਚੁੱਕੇ ਸਨ। ਬੀਤੇ ਬੁੱਧਵਾਰ ਜਦੋਂ ਸਥਾਨਕ ਲੋਕ ਔਰਤ ਦੇ ਘਰ ਗਏ ਤਾਂ ਉਥੇ ਕੋਈ ਨਹੀਂ ਮਿਲਿਆ।
ਬਾਅਦ ‘ਚ ਪਤਾ ਲੱਗਾ ਕਿ ਉਕਤ ਔਰਤ ਨੇ ਕਰੀਬ 2 ਸਾਲ ਪਹਿਲਾਂ ਘਰ ਕਿਸੇ ਬਾਹਰੀ ਵਿਅਕਤੀ ਨੂੰ ਵੇਚ ਦਿੱਤਾ ਸੀ ਅਤੇ ਹੁਣ ਉਹ ਆਪਣੇ ਲੜਕੇ, ਨੂੰਹ ਅਤੇ ਬੇਟੀ ਨਾਲ ਬਿਨਾਂ ਦੱਸੇ ਫਰਾਰ ਹੋ ਗਈ। ਸਥਾਨਕ ਲੋਕ ਪਹਿਲਾਂ ਪਿੰਡ ਵਿੱਚ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿੱਚ ਇਕੱਠੇ ਹੋ ਕੇ ਥਾਣੇ ਚਲੇ ਗਏ।
ਕਜਹੇੜੀ ਦੀ ਰਹਿਣ ਵਾਲੀ ਇੱਕ ਔਰਤ ਦੀ ਕਈ ਲੋਕਾਂ ਤੋਂ 5 ਤੋਂ 7 ਕਰੋੜ ਰੁਪਏ ਲੈ ਕੇ ਫਰਾਰ ਹੋਣ ਦੀ ਸ਼ਿਕਾਇਤ ਮਿਲੀ ਹੈ। ਇਸ ਦੇ ਆਧਾਰ ‘ਤੇ ਮਹਿਲਾ ਰਾਜਵੰਤੀ, ਬੇਟੀ ਦੀਪਾ ਅਤੇ ਲੜਕੇ ਰਾਜੇਸ਼ ਦੇ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।