‘ਸ਼ਰਮਾ ਜੀ’ ਬਣਕੇ ਭਾਰਤ ਵਿਚ ਰਹਿ ਰਿਹਾ ਸੀ ਪਾਕਿ ਦਾ ਸਿੱਦੀਕੀ ਪਰਿਵਾਰ, ਕੰਧ ‘ਤੇ ਸਨ ਮੌਲਵੀਆਂ ਦੀਆਂ ਤਸਵੀਰਾਂ, ਇੰਝ ਖੁੱਲ੍ਹੀ ਪੋਲ

‘ਸ਼ਰਮਾ ਪਰਿਵਾਰ’ ਦੀ ਪਛਾਣ ਨਾਲ ਰਹਿ ਰਹੇ ਚਾਰ ਪਾਕਿਸਤਾਨੀ ਨਾਗਰਿਕਾਂ ਨੂੰ ਐਤਵਾਰ ਨੂੰ ਬੈਂਗਲੁਰੂ ‘ਚ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ 2018 ਤੋਂ ਭਾਰਤ ‘ਚ ਰਹਿ ਰਿਹਾ ਸੀ। ਪੁਲਸ ਨੇ ਇਹ ਕਾਰਵਾਈ ਖੁਫੀਆ ਅਧਿਕਾਰੀਆਂ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕੀਤੀ ਹੈ।
ਮੁੱਢਲੀ ਜਾਂਚ ਅਨੁਸਾਰ ਉਕਤ ਪਾਕਿਸਤਾਨੀ ਨਾਗਰਿਕ ਦੀ ਪਤਨੀ ਬੰਗਲਾਦੇਸ਼ ਦੀ ਰਹਿਣ ਵਾਲੀ ਹੈ ਅਤੇ ਇਸ ਤੋਂ ਪਹਿਲਾਂ ਉਹ ਢਾਕਾ ਵਿੱਚ ਸਨ, ਜਿੱਥੇ ਉਨ੍ਹਾਂ ਦਾ ਵਿਆਹ ਹੋਇਆ ਸੀ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਪੁਲਸ ਦਾ ਕਹਿਣਾ ਹੈ ਕਿ ਸ਼ੱਕੀ, 48 ਸਾਲਾ ਰਾਸ਼ਿਦ ਅਲੀ ਸਿੱਦੀਕੀ, 38 ਸਾਲਾ ਆਇਸ਼ਾ ਅਤੇ ਔਰਤ ਦੇ ਮਾਤਾ-ਪਿਤਾ ਹਨੀਫ ਮੁਹੰਮਦ (78) ਅਤੇ ਰੁਬੀਨਾ ਰਾਜਪੁਰਾ (61) ਪਿੰਡ ਵਿੱਚ ਰਹਿ ਰਹੇ ਸਨ। ਇਹ ਪਰਿਵਾਰ ਇੱਥੇ ਸ਼ੰਕਰ ਸ਼ਰਮਾ, ਆਸ਼ਾ ਰਾਣੀ, ਰਾਮਬਾਬੂ ਸ਼ਰਮਾ ਅਤੇ ਰਾਣੀ ਸ਼ਰਮਾ ਦੇ ਨਾਂ ਨਾਲ ਰਹਿ ਰਿਹਾ ਸੀ।
ਫਰਾਰ ਹੋਣ ਵਾਲਾ ਸੀ ਪਰਿਵਾਰ
ਐਤਵਾਰ ਨੂੰ ਜਦੋਂ ਪੁਲਸ ਗ੍ਰਿਫਤਾਰੀ ਲਈ ਪਹੁੰਚੀ ਤਾਂ ਸਿੱਦੀਕੀ ਪਰਿਵਾਰ ਪੈਕਿੰਗ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਸਿੱਦੀਕੀ ਨੇ ਆਪਣੀ ਪਛਾਣ ਸ਼ਰਮਾ ਵਜੋਂ ਦੱਸੀ ਅਤੇ ਕਿਹਾ ਕਿ ਉਹ 2018 ਤੋਂ ਬੈਂਗਲੁਰੂ ‘ਚ ਰਹਿ ਰਿਹਾ ਸੀ। ਜਾਂਚ ਦੌਰਾਨ ਪਰਿਵਾਰ ਦੇ ਭਾਰਤੀ ਪਾਸਪੋਰਟ ਅਤੇ ਆਧਾਰ ਕਾਰਡ ਵੀ ਮਿਲੇ ਹਨ, ਜਿਨ੍ਹਾਂ ‘ਤੇ ਉਨ੍ਹਾਂ ਦੀ ਹਿੰਦੂ ਪਛਾਣ ਦਰਜ ਸੀ। ਰਿਪੋਰਟ ਮੁਤਾਬਕ ਜਦੋਂ ਪੁਲਸ ਅੰਦਰ ਪਹੁੰਚੀ ਤਾਂ ਉਨ੍ਹਾਂ ਨੂੰ ਕੰਧ ‘ਤੇ ਮੇਹਦੀ ਫਾਊਂਡੇਸ਼ਨ ਇੰਟਰਨੈਸ਼ਨਲ ਜਸ਼ਨ-ਏ-ਯੂਨੁਸ ਲਿਖਿਆ ਮਿਲਿਆ। ਨਾਲ ਹੀ ਘਰ ਵਿਚ ਕੁਝ ਮੌਲਵੀਆਂ ਦੀਆਂ ਤਸਵੀਰਾਂ ਵੀ ਸਨ।
ਇਕਬਾਲ
ਪੁੱਛਗਿੱਛ ਦੌਰਾਨ ਸਿੱਦੀਕੀ ਉਰਫ਼ ਸ਼ੰਕਰ ਸ਼ਰਮਾ ਨੇ ਮੰਨਿਆ ਕਿ ਉਹ ਪਾਕਿਸਤਾਨ ਦੇ ਲਿਆਕਤਾਬਾਦ ਦਾ ਰਹਿਣ ਵਾਲਾ ਸੀ। ਉਸਨੇ ਦੱਸਿਆ ਕਿ ਉਸਨੇ 2011 ਵਿੱਚ ਇੱਕ ਆਨਲਾਈਨ ਸਮਾਰੋਹ ਵਿੱਚ ਆਇਸ਼ਾ ਨਾਲ ਵਿਆਹ ਕੀਤਾ ਸੀ। ਉਦੋਂ ਉਹ ਆਪਣੇ ਪਰਿਵਾਰ ਨਾਲ ਬੰਗਲਾਦੇਸ਼ ਵਿੱਚ ਸੀ। ਸਿੱਦੀਕੀ ਨੇ ਦੱਸਿਆ ਕਿ ਆਪਣੇ ਹੀ ਦੇਸ਼ ਵਿੱਚ ਅਤਿਆਚਾਰ ਤੋਂ ਬਾਅਦ ਉਸਨੂੰ ਪਾਕਿਸਤਾਨ ਤੋਂ ਬੰਗਲਾਦੇਸ਼ ਸ਼ਿਫਟ ਹੋਣਾ ਪਿਆ।
ਕਿਵੇਂ ਪਹੁੰਚੇ ਭਾਰਤ
ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਸਿੱਦੀਕੀ ਬੰਗਲਾਦੇਸ਼ ਵਿੱਚ ਸ਼ਿਫਟ ਹੋ ਗਿਆ ਸੀ, ਜਿੱਥੇ ਉਹ ਪ੍ਰਚਾਰਕ ਸੀ। ਦੱਸਿਆ ਜਾ ਰਿਹਾ ਹੈ ਕਿ ਸਾਲ 2014 ‘ਚ ਸਿੱਦੀਕੀ ਨੂੰ ਬੰਗਲਾਦੇਸ਼ ‘ਚ ਵੀ ਨਿਸ਼ਾਨਾ ਬਣਾਇਆ ਜਾਣ ਲੱਗਾ। ਇਸ ਤੋਂ ਬਾਅਦ ਉਸ ਨੇ ਭਾਰਤ ਵਿੱਚ ਪਰਵੇਜ਼ ਨਾਮਕ ਮਹਿੰਦੀ ਫਾਊਂਡੇਸ਼ਨ ਦੇ ਇੱਕ ਮੈਂਬਰ ਨਾਲ ਸੰਪਰਕ ਕੀਤਾ ਅਤੇ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਸ਼ਿਫਟ ਹੋ ਗਿਆ। ਰਿਪੋਰਟਾਂ ਮੁਤਾਬਕ ਸਿੱਦੀਕੀ, ਉਸ ਦੀ ਪਤਨੀ ਅਤੇ ਉਸ ਦੇ ਮਾਤਾ-ਪਿਤਾ ਜ਼ੈਨਬੀ ਨੂਰ ਅਤੇ ਮੁਹੰਮਦ ਯਾਸੀਨ ਪੱਛਮੀ ਬੰਗਾਲ ਦੇ ਮਾਲਦਾ ਰਾਹੀਂ ਬੰਗਲਾਦੇਸ਼ ਤੋਂ ਆਏ ਸਨ। ਇੱਥੇ ਉਨ੍ਹਾਂ ਦੀ ਮਦਦ ਕੁਝ ਏਜੰਟਾਂ ਨੇ ਕੀਤੀ।
ਦਿੱਲੀ ਵਿੱਚ ਵੀ ਰਹੇ
ਅਖਬਾਰ ਨੇ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਪਰਿਵਾਰ ਸ਼ੁਰੂ ਵਿਚ ਦਿੱਲੀ ਵਿਚ ਰਿਹਾ ਅਤੇ ਡੁਪਲੀਕੇਟ ਆਧਾਰ ਕਾਰਡ, ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਹਾਸਲ ਕੀਤੇ। 2018 ਵਿੱਚ ਨੇਪਾਲ ਦੀ ਆਪਣੀ ਫੇਰੀ ਦੌਰਾਨ, ਸਿੱਦੀਕੀ ਨੇ ਬੰਗਲੁਰੂ ਦੇ ਵਸਨੀਕ ਵਾਸ਼ਿਮ ਅਤੇ ਅਲਤਾਫ ਨਾਲ ਮੁਲਾਕਾਤ ਕੀਤੀ, ਅਤੇ ਫਿਰ ਬੈਂਗਲੁਰੂ ਵਿੱਚ ਸ਼ਿਫਟ ਹੋਣ ਦਾ ਫੈਸਲਾ ਕੀਤਾ।
ਦੱਸਿਆ ਗਿਆ ਹੈ ਕਿ ਅਲਤਾਫ ਕਿਰਾਇਆ ਸੰਭਾਲਦਾ ਸੀ ਅਤੇ ਮੇਹਦੀ ਫਾਊਂਡੇਸ਼ਨ ਉਸ ਦੇ ਪ੍ਰੋਗਰਾਮ ਲਈ ਪੈਸੇ ਦਿੰਦੀ ਸੀ। ਸਿੱਦੀਕੀ ਗੈਰੇਜ ਵਿਚ ਤੇਲ ਸਪਲਾਈ ਕਰਨ ਅਤੇ ਖਾਣ-ਪੀਣ ਦੀਆਂ ਵਸਤੂਆਂ ਵੇਚਣ ਦਾ ਕੰਮ ਵੀ ਕਰਦਾ ਸੀ।