ਸਲਮਾਨ ਖਾਨ ਤੋਂ 5 ਕਰੋੜ ਦੀ ਫਿਰੌਤੀ ਮੰਗਣ ਵਾਲਾ ਗ੍ਰਿਫਤਾਰ, ਜਮਸ਼ੇਦਪੁਰ ‘ਚ ਵੇਚਦਾ ਹੈ ਸਬਜ਼ੀ

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਧਮਕੀ ਭਰਿਆ ਸੰਦੇਸ਼ ਭੇਜਣ ਵਾਲੇ ਵਿਅਕਤੀ ਨੂੰ ਮੁੰਬਈ ਪੁਲਸ ਨੇ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਹੈ। ਮੁੰਬਈ ਦੀ ਵਰਲੀ ਪੁਲਸ ਨੇ ਉਸ ਨੂੰ ਜਮਸ਼ੇਦਪੁਰ, ਝਾਰਖੰਡ ਤੋਂ ਗ੍ਰਿਫਤਾਰ ਕੀਤਾ ਹੈ। ਪਿਛਲੇ ਹਫਤੇ ਮੁੰਬਈ ਟਰੈਫਿਕ ਪੁਲਸ ਨੂੰ ਸਲਮਾਨ ਦੇ ਸਬੰਧ ‘ਚ ਧਮਕੀ ਭਰਿਆ ਸੰਦੇਸ਼ ਮਿਲਿਆ ਸੀ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹੁਣ ਜਮਸ਼ੇਦਪੁਰ ਦੀ ਸਥਾਨਕ ਪੁਲਸ ਦੀ ਮਦਦ ਨਾਲ ਸੰਦੇਸ਼ ਭੇਜਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਰਲੀ ਪੁਲਸ ਦੀ ਟੀਮ ਹਿਰਾਸਤ ‘ਚ ਲਏ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ। ਅਗਲੇਰੀ ਕਾਰਵਾਈ ਲਈ ਉਸ ਨੂੰ ਮੁੰਬਈ ਲਿਆਂਦਾ ਜਾਵੇਗਾ। ਮੁੰਬਈ ਟ੍ਰੈਫਿਕ ਪੁਲਸ ਦੀ ਵਟਸਐਪ ਹੈਲਪਲਾਈਨ ‘ਤੇ ਧਮਕੀ ਭਰਿਆ ਸੰਦੇਸ਼ ਮਿਲਣ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਧਮਕੀ ਭਰਿਆ ਸੰਦੇਸ਼ ਝਾਰਖੰਡ ਦੇ ਇੱਕ ਨੰਬਰ ਤੋਂ ਭੇਜਿਆ ਗਿਆ ਸੀ। ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਝਾਰਖੰਡ ਭੇਜੀਆਂ।
ਜਮਸ਼ੇਦਪੁਰ ਵਿੱਚ ਸਬਜ਼ੀ ਵੇਚਦਾ ਹੈ ਮੁਲਜ਼ਮ
ਅਭਿਨੇਤਾ ਸਲਮਾਨ ਖਾਨ ਨੂੰ ਧਮਕੀ ਭਰਿਆ ਸੰਦੇਸ਼ ਭੇਜਣ ਵਾਲੇ ਵਿਅਕਤੀ ਦੀ ਭਾਲ ਵਿੱਚ, ਮੁੰਬਈ ਪੁਲਿਸ ਨੇ ਝਾਰਖੰਡ ਵਿੱਚ ਉਸ ਨੰਬਰ ਨੂੰ ਟਰੈਕ ਕੀਤਾ। ਮੁਲਜ਼ਮ ਜਮਸ਼ੇਦਪੁਰ ਦਾ ਰਹਿਣ ਵਾਲਾ ਸਬਜ਼ੀ ਵੇਚਣ ਵਾਲਾ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸ਼ੇਖ ਹੁਸੈਨ ਸ਼ੇਖ ਮੌਸੀਨ ਵਜੋਂ ਹੋਈ ਹੈ। ਦੋਸ਼ੀ ਦੀ ਉਮਰ 24 ਸਾਲ ਹੈ ਅਤੇ ਜਮਸ਼ੇਦਪੁਰ ‘ਚ ਸਬਜ਼ੀ ਵੇਚਦਾ ਹੈ।
ਪੁਲਸ ਨੇ ਕੀਤਾ ਸੀ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼
ਕੁਝ ਮਹੀਨੇ ਪਹਿਲਾਂ ਨਵੀਂ ਮੁੰਬਈ ਪੁਲਸ ਨੇ ਬਿਸ਼ਨੋਈ ਗੈਂਗ ਵੱਲੋਂ ਸਲਮਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ। ਇਸ ਘਟਨਾ ਤੋਂ ਬਾਅਦ ਅਦਾਕਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਇਸ ਦੌਰਾਨ ਸਲਮਾਨ ਦੇ ਦੋਸਤ ਅਤੇ ਐਨਸੀਪੀ (ਅਜੀਤ) ਦੇ ਆਗੂ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦਾ ਵੀ ਮੁੰਬਈ ਵਿੱਚ ਸ਼ਰੇਆਮ ਕਤਲ ਕਰ ਦਿੱਤਾ ਗਿਆ।
ਕੁਝ ਦਿਨ ਪਹਿਲਾਂ ਬਾਬਾ ਸਿੱਦੀਕੀ ਨੂੰ ਤਿੰਨ ਲੋਕਾਂ ਨੇ ਗੋਲੀ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਪੁਲਸ ਇਸ ਮਾਮਲੇ ਵਿੱਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।