ਨੇਪਾਲ ‘ਚ ਭਾਰਤੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਨਦੀ ‘ਚ ਡਿੱਗੀ, 14 ਲੋਕਾਂ ਦੀ ਮੌਤ, ਵੱਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀ

ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਆਈ ਹੈ, ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਨੇਪਾਲ ਦੀ ਪੁਲਿਸ ਦੇ ਮੁਤਾਬਕ ਸ਼ੁੱਕਰਵਾਰ ਨੂੰ 40 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਤਨਹੁਨ ਜ਼ਿਲ੍ਹੇ ‘ਚ ਮਾਰਸਯਾਂਗਦੀ ਨਦੀ ਵਿੱਚ ਡਿੱਗ ਗਈ। ਇਸ ਬੱਸ ਵਿੱਚ ਸਵਾਰ ਯਾਤਰੀ ਭਾਰਤ ਤੋਂ ਸਨ। ਤਨਹੂਨ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਡੀਐਸਪੀ ਦੀਪ ਕੁਮਾਰ ਰਾਏ ਨੇ ਦੱਸਿਆ ਕਿ ਬੱਸ ਪੋਖਰਾ ਤੋਂ ਕਾਠਮੰਡੂ ਵੱਲ ਜਾ ਰਹੀ ਸੀ।
ਪੁਲਿਸ ਦੇ ਮੁਤਾਬਕ ਬੱਸ ਦਾ ਨੰਬਰ ਯੂਪੀ ਐਫਟੀ 7623 ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ 16 ਲੋਕਾਂ ਨੂੰ ਬਚਾ ਲਿਆ ਗਿਆ ਹੈ। ਪਰ ਮਰਨ ਵਾਲਿਆਂ ਦੇ ਗਿਣਤੀ ਵੀ ਵੱਧ ਸਕਦੀ ਹੈ।
ਨੇਪਾਲ ਦੇ ਸਥਾਨਕ ਮੀਡੀਆ ਮੁਤਾਬਕ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਸੀਨੀਅਰ ਪੁਲਿਸ ਕਪਤਾਨ SSP ਮਾਧਵ ਪੌਡੇਲ ਦੀ ਅਗਵਾਈ ਵਿੱਚ ਨੇਪਾਲ ਸੈਨਾ ਦੀ ਇੱਕ ਟੀਮ 45 ਏਪੀਐਫ ਦੇ ਕਰਮਚਾਰੀ ਅਤੇ 10 ਗੋਤਾਖੋਰ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਜਾਰੀ ਹਨ। 23 ਨੰਬਰ ਬਟਾਲੀਅਨ, ਭਾਨੂ, ਤਨਹੂਨ ਦੇ 35 ਏਪੀਐਫ ਦੇ ਜਵਾਨ ਵੀ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।
ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਨੇਪਾਲ ਵਿੱਚ ਪਿਛਲੇ ਮਹੀਨੇ ਜੁਲਾਈ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਦੋਂ ਚਿਤਵਨ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਦੇ ਨਾਲ-ਨਾਲ ਦੋ ਬੱਸਾਂ ਨਦੀ ਵਿੱਚ ਰੁੜ੍ਹ ਗਈਆਂ ਸਨ। ਇਹ ਘਟਨਾ ਚਿਤਵਨ ਜ਼ਿਲ੍ਹੇ ਦੇ ਨਾਰਾਇਣਘਾਟ-ਮੁਗਲਿੰਗ ਰੋਡ ‘ਤੇ ਸਿਮਲਟਾਲ ਇਲਾਕੇ ‘ਚ ਵਾਪਰੀ। ਨੇਪਾਲ ਵਿੱਚ ਬਰਸਾਤ ਦੇ ਮੌਸਮ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਨੇਪਾਲ ਵਿੱਚ ਹਾਲ ਹੀ ਦੇ ਸਮੇਂ ਵਿੱਚ ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹਾਦਸੇ ਵਾਪਰ ਰਹੇ ਹਨ।
ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਮੀਂਹ ਕਾਰਨ ਆਏ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਕਰੀਬ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੂਨ ਅਤੇ ਸਤੰਬਰ ਦੇ ਵਿਚਕਾਰ ਭਾਰੀ ਮੀਂਹ ਨੇ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਖਾਸ ਕਰ ਕੇ ਪਹਾੜੀ ਇਲਾਕਿਆਂ ‘ਚ ਹਾਲਾਤ ਨਾਜ਼ੁਕ ਬਣੇ ਹੋਏ ਹਨ। ਨੇਪਾਲ ਵਿੱਚ ਹਰ ਸਾਲ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਆਉਂਦੇ ਰਹਿੰਦੇ ਹਨ ।