‘ਧੋਨੀ ਨੇ ਯੁਵਰਾਜ ਦਾ ਕਰੀਅਰ 5 ਸਾਲ ਛੋਟਾ ਕਰ ‘ਤਾ…’ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਨੇ Dhoni ਖਿਲਾਫ ਉਗਲਿਆ ਜ਼ਹਿਰ

ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਵੱਡਾ ਦੋਸ਼ ਲਗਾਇਆ ਹੈ। ਯੋਗਰਾਜ ਦਾ ਕਹਿਣਾ ਹੈ ਕਿ ਧੋਨੀ ਨੇ ਯੁਵਰਾਜ ਦੇ ਕ੍ਰਿਕਟ ਕਰੀਅਰ ਨੂੰ 4-5 ਸਾਲ ਛੋਟਾ ਕਰਕੇ ਬਰਬਾਦ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਪੁੱਤਰ ਯੁਵਰਾਜ ਸਿੰਘ ਨੂੰ ‘ਭਾਰਤ ਰਤਨ’ ਦੇਣ ਦੀ ਮੰਗ ਕੀਤੀ। ਯੋਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਯੁਵਰਾਜ ਸਿੰਘ ਭਾਰਤੀ ਕ੍ਰਿਕਟ ‘ਚ ਯੋਗਦਾਨ ਲਈ ‘ਭਾਰਤ ਰਤਨ’ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਇਸ ਆਲਰਾਊਂਡਰ ਨੂੰ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਯੋਗਰਾਜ ਨੇ ਕਿਹਾ ਕਿ ਯੁਵਰਾਜ ਨੇ ਜਿਸ ਤਰ੍ਹਾਂ ਕੈਂਸਰ ਨਾਲ ਲੜ ਕੇ ਆਪਣੀ ਦੂਜੀ ਪਾਰੀ ਨੂੰ ਯਾਦਗਾਰ ਬਣਾਇਆ, ਉਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਸਨਮਾਨ ਮਿਲਣਾ ਚਾਹੀਦਾ ਹੈ।
ਕ੍ਰਿਕੇਟ ਅਤੇ ਖਿਡਾਰੀਆਂ ਨੂੰ ਲੈ ਕੇ ਬੇਖੌਫ ਰਾਏ ਦੇਣ ਵਾਲੇ ਯੋਗਰਾਜ ਸਿੰਘ ਨੇ ਇੱਕ ਵਾਰ ਫਿਰ ਐੱਮਐੱਸ ਧੋਨੀ ‘ਤੇ ਨਿਸ਼ਾਨਾ ਸਾਧਿਆ ਹੈ। ਯੋਗਰਾਜ ਨੇ ਕਿਹਾ ਕਿ ਯੁਵਰਾਜ ਸੀਨੀਅਰ ਰਾਸ਼ਟਰੀ ਟੀਮ ਲਈ ਜ਼ਿਆਦਾ ਯੋਗਦਾਨ ਦੇ ਸਕਦਾ ਸੀ। ਉਨ੍ਹਾਂ ਕਿਹਾ ਕਿ ਯੁਵਰਾਜ ਭਾਰਤੀ ਕ੍ਰਿਕਟ ‘ਚ ਬੇਮਿਸਾਲ ਆਲਰਾਊਂਡਰ ਸਨ। ਯੋਗਰਾਜ ਨੇ ਪਹਿਲਾਂ ਵੀ ਧੋਨੀ ਬਾਰੇ ਕਿਹਾ ਸੀ ਕਿ ਜਦੋਂ ਯੁਵੀ ਕਪਤਾਨ ਮਾਹੀ ਨਾਲ ਰਾਸ਼ਟਰੀ ਟੀਮ ‘ਚ ਖੇਡਦੇ ਸਨ ਤਾਂ ਉਸ ਨੇ ਬੇਟੇ ਦਾ ਜੀਵਨ ਮੁਸ਼ਕਿਲ ਕਰ ਦਿੱਤਾ ਸੀ।
‘ਮੈਂ ਧੋਨੀ ਨੂੰ ਕਦੇ ਮੁਆਫ ਨਹੀਂ ਕਰਾਂਗਾ’
ਯੋਗਰਾਜ ਸਿੰਘ ਨੇ ਸਵਿੱਚ ਯੂਟਿਊਬ ਚੈਨਲ ਨਾਲ ਗੱਲਬਾਤ ‘ਚ ਕਿਹਾ, ‘ਮੈਂ ਐੱਮਐੱਸ ਧੋਨੀ ਨੂੰ ਮੁਆਫ ਨਹੀਂ ਕਰਾਂਗਾ। ਉਸਨੂੰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣਾ ਚਾਹੀਦਾ ਹੈ। ਉਹ ਕ੍ਰਿਕਟਰ ਦੇ ਤੌਰ ‘ਤੇ ਸ਼ਾਨਦਾਰ ਸੀ, ਜਿਸ ਨੂੰ ਮੈਂ ਸਲਾਮ ਕਰਦਾ ਹਾਂ। ਪਰ ਉਸ ਨੇ ਮੇਰੇ ਪੁੱਤਰ ਨਾਲ ਜੋ ਕੀਤਾ, ਉਸ ਲਈ ਉਸ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ। ਉਸ ਨੇ ਜੋ ਵੀ ਕੀਤਾ ਉਹ ਸਾਹਮਣੇ ਆ ਰਿਹਾ ਹੈ। ਅਤੇ ਇਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ।
‘ਉਸਨੇ ਮੇਰੇ ਬੇਟੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ’
ਯੋਗਰਾਜ ਸਿੰਘ ਅਨੁਸਾਰ, ‘ਉਸ ਵਿਅਕਤੀ ਨੇ ਮੇਰੇ ਪੁੱਤਰ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ, ਜੋ ਚਾਰ-ਪੰਜ ਸਾਲ ਹੋਰ ਖੇਡ ਸਕਦਾ ਸੀ। ਮੈਂ ਕਿਸੇ ਨੂੰ ਯੁਵਰਾਜ ਸਿੰਘ ਵਰਗਾ ਪੁੱਤਰ ਪੈਦਾ ਕਰਨ ਦੀ ਚੁਣੌਤੀ ਦਿੰਦਾ ਹਾਂ। ਇੱਥੋਂ ਤੱਕ ਕਿ ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਨੇ ਕਿਹਾ ਹੈ ਕਿ ਉਨ੍ਹਾਂ ਨੇ ਯੁਵਰਾਜ ਸਿੰਘ ਵਰਗਾ ਖਿਡਾਰੀ ਕਦੇ ਨਹੀਂ ਦੇਖਿਆ। ਉਨ੍ਹਾਂ ਨੇ ਕੈਂਸਰ ਨਾਲ ਲੜਦੇ ਹੋਏ ਦੇਸ਼ ਲਈ ਵਿਸ਼ਵ ਕੱਪ ਜਿੱਤਿਆ, ਇਸ ਲਈ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
ਯੁਵੀ-ਧੋਨੀ ਨੇ ਇਕੱਠੇ 273 ਮੈਚ ਖੇਡੇ
ਯੁਵਰਾਜ ਸਿੰਘ ਅਤੇ ਧੋਨੀ ਨੇ ਭਾਰਤ ਲਈ ਕੁੱਲ 273 ਮੈਚ ਖੇਡੇ ਹਨ। ਦੋਵਾਂ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਕਈ ਵਾਰ ਯਾਦਗਾਰ ਸਾਂਝੇਦਾਰੀ ਕੀਤੀ। ਦੋਵੇਂ ਕ੍ਰਿਕਟਰ ਧੋਨੀ ਦੀ ਕਪਤਾਨੀ ਹੇਠ ਟੀ-20 ਵਿਸ਼ਵ ਕੱਪ ਅਤੇ ਵਨਡੇ ਵਿਸ਼ਵ ਕੱਪ ਜਿੱਤਣ ਦੌਰਾਨ ਸੀਮਤ ਓਵਰਾਂ ਦੀ ਟੀਮ ਦੇ ਚਿਹਰੇ ਸਨ। ਯੁਵਰਾਜ ਸਿੰਘ ਨੇ 2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਟਰਾਫੀਆਂ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਵਨਡੇ ਵਿਸ਼ਵ ਕੱਪ ਵਿੱਚ ਮੱਧਕ੍ਰਮ ਵਿੱਚ ਟੀਮ ਨੂੰ ਮਜ਼ਬੂਤ ਕੀਤਾ। ਯੁਵੀ ਨੇ ਗੇਂਦਬਾਜ਼ੀ ਵਿੱਚ ਵੀ ਧਮਾਕੇਦਾਰ ਪ੍ਰਦਰਸ਼ਨ ਕੀਤਾ।