ਬਾਲੀਵੁੱਡ ਸੁਪਰਸਟਾਰ ਦੇ ਦਾਦਾ ਨੇ ਅੰਗਰੇਜ਼ਾਂ ਲਈ ਖੇਡਿਆ ਕ੍ਰਿਕਟ, ਫਿਰ ਟੀਮ ਇੰਡੀਆ ਦੇ ਬਣੇ ਕਪਤਾਨ

ਕ੍ਰਿਕਟ ਦੇ ਖੇਤਰ ਵਿੱਚ ਭਾਰਤ ਨੇ ਚੰਗਾ ਨਾਮ ਕਮਾਇਆ ਹੈ। ਹੁਣ ਤੱਕ ਭਾਰਤੀ ਕ੍ਰਿਕਟ ਟੀਮ ਵਿੱਚ ਅਨੇਕਾਂ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਭਾਰਤੀ ਕ੍ਰਿਕਟ ਟੀਮ ਦਾ ਇੱਕ ਖਿਡਾਰੀ ਅਜਿਹਾ ਵੀ, ਜੋ ਭਾਰਤ ਲਈ ਖੇਡਣ ਤੋਂ ਪਹਿਲਾਂ ਇੰਗਲੈਂਡ ਲਈ ਖੇਡਿਆ ਸੀ। ਬਾਅਦ ਵਿੱਚ ਉਹ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵੀ ਬਣਿਆ। ਉਹ ਬਾਲੀਵੁੱਡ ਸੁਪਰਸਟਾਰ ਸੈਫ ਅਲੀ ਖਾਨ (Saif Ali Khan) ਦੇ ਦਾਦਾ ਸੀ। ਆਓ ਜਾਣਦੇ ਹਾਂ ਇਸ ਖਿਡਾਰੀ ਬਾਰੇ ਡਿਟੇਲ-
ਜਿਸ ਕ੍ਰਿਕਟ ਖਿਡਾਰੀ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਇਫ਼ਤਿਖਾਰ ਅਲੀ ਖਾਨ ਪਟੌਦੀ (Iftikhar Ali Khan Pataudi) ਸੀ। ਇਫ਼ਤਿਖਾਰ ਅਲੀ ਖਾਨ ਪਟੌਦੀ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਇੰਗਲੈਂਡ ਲਈ ਖੇਡ ਕੇ ਕੀਤੀ ਸੀ। ਇਫ਼ਤਿਖਾਰ ਅਲੀ ਆਪਣਾ ਪਹਿਲਾਂ ਮੈਚ ਇੰਗਲੈਂਡ ਵੱਲੋਂ ਆਸਟਰੇਲੀਆ ਦੇ ਖ਼ਿਲਾਫ਼ ਸਾਲ 1933 ਵਿੱਚ ਸਿਡਨੀ ਵਿੱਚ ਖੇਡਿਆ ਸੀ। ਇਸ ਮੈਚ ਵਿੱਚ ਉਸਨੇ ਸ਼ਾਨਦਾਰ ਸ਼ਤਕ ਲਗਾਇਆ ਸੀ। ਉਹ ਪਟੌਦੀ ਰਿਆਸਤ ਦਾ 8ਵਾਂ ਨਵਾਬ ਸੀ। ਇਸ ਦੇ ਨਾਲ ਹੀ ਉਹ ਇਕਲੌਤਾ ਅਜਿਹਾ ਭਾਰਤੀ ਕ੍ਰਿਕਟਰ ਹੈ, ਜੋ ਇੰਗਲੈਂਡ ਅਤੇ ਭਾਰਤ ਦੋਵਾਂ ਲਈ ਕ੍ਰਿਕਟ ਖੇਡਿਆ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬਾਅਦ ਵਿੱਚ ਇਫ਼ਤਿਖਾਰ ਅਲੀ ਭਾਰਤ ਦੇ ਲਈ ਖੇਡਿਆ ਅਤੇ ਭਾਰਤੀ ਟੀਮ ਦਾ ਕਪਤਾਨ ਵੀ ਰਿਹਾ। ਉਸਨੇ ਆਪਣੇ ਕ੍ਰਿਕਟ ਕਰੀਅਰ ਵਿੱਚ 6 ਟੈਸਟ ਮੈਚ ਖੇਡੇ ਅਤੇ ਤਿੰਨ ਟੈਸਟ ਮੈਚਾਂ ਵਿੱਚ ਉਹ ਭਾਰਤੀ ਟੀਮ ਦਾ ਕਪਤਾਨ ਰਿਹਾ। 6 ਟੈਸਟ ਮੈਚਾਂ ਵਿੱਚੋਂ ਉਸਨੇ 3 ਟੈਸਟ ਮੈਚ ਇੰਗਲੈਂਡ ਲਈ ਖੇਡੇ ਸਨ।
ਭਾਰਤ ਦੀ ਆਜ਼ਾਦੀ ਤੋਂ ਪਹਿਲਾਂ, 1946 ਵਿੱਚ, ਉਹ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਜੋਂ ਇੰਗਲੈਂਡ ਦੇ ਦੌਰੇ ‘ਤੇ ਗਏ ਸਨ। ਇਸ ਦਿੱਗਜ ਖਿਡਾਰੀ ਦੇ ਨਾਂ 6 ਟੈਸਟ ਮੈਚਾਂ ‘ਚ 199 ਦੌੜਾਂ ਹਨ, ਜਿਸ ‘ਚ ਸੈਂਕੜਾ ਵੀ ਸ਼ਾਮਲ ਹੈ। ਉਸਨੇ 127 ਪਹਿਲੀ ਸ਼੍ਰੇਣੀ ਮੈਚਾਂ ਵਿੱਚ 8750 ਦੌੜਾਂ ਬਣਾਈਆਂ। ਇਫ਼ਤਿਖਾਰ ਅਲੀ ਨੇ ਪਹਿਲੀ ਸ਼੍ਰੇਣੀ ਵਿੱਚ 29 ਸੈਂਕੜੇ ਲਗਾਏ ਹਨ।
ਜ਼ਿਕਰਯੋਗ ਹੈ ਕਿ ਇਫ਼ਤਿਖਾਰ ਅਲੀ ਦੇ ਪੁੱਤਰ ਮਨਸੂਰ ਅਲੀ ਖਾਨ ਨੇ ਵੀ ਆਪਣੇ ਕਰੀਅਰ ਵਜੋਂ ਕ੍ਰਿਕਟ ਨੂੰ ਚੁਣਿਆ। ਉਸ ਨੇ ਭਾਰਤ ਲਈ ਕੁੱਲ 46 ਟੈਸਟ ਮੈਚ ਖੇਡੇ। ਉਹ ਭਾਰਤ ਦੇ 14ਵੇਂ ਟੈਸਟ ਕਪਤਾਨ ਬਣੇ। ਮਨਸੂਰ ਅਲੀ ਨੇ ਟੈਸਟ ਮੈਚਾਂ ਵਿੱਚ 203 ਦੌੜਾਂ ਦੇ ਸਰਵੋਤਮ ਸਕੋਰ ਨਾਲ 2793 ਦੌੜਾਂ ਬਣਾਈਆਂ। ਇਸ ‘ਚ 6 ਸੈਂਕੜੇ ਅਤੇ 16 ਅਰਧ ਸੈਂਕੜੇ ਸਨ। ਅੱਗੋਂ ਮਨਸੂਰ ਅਲੀ ਦੇ ਬੇਟੇ ਸੈਫ ਅਲੀ ਖਾਨ ਨੇ ਅਦਾਕਾਰੀ ਨੂੰ ਆਪਣੇ ਕਰੀਅਰ ਵਜੋਂ ਚੁਣਿਆ।