ਕੰਗਨਾ ਨੇ ਕਿਸਾਨਾਂ ਅੱਗੇ ਜੋੜੇ ਹੱਥ, ਕਿਹਾ-ਤਿੰਨੇ ਖੇਤੀ ਕਾਨੂੰਨ ਵਾਪਸ ਲਿਆਉਣ ਲਈ ਖੁਦ ਅੱਗੇ ਆਓ

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਤਿੰਨੇ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਸ ਬਿਆਨ ਤੋਂ ਬਾਅਦ ਮੇਰਾ ਵਿਰੋਧ ਕੀਤਾ ਜਾਵੇਗਾ, ਪਰ ਇਸ ਦੇ ਬਾਵਜੂਦ ਮੈਂ ਤਿੰਨੋਂ ਕਿਸਾਨ ਪੱਖੀ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਮੰਗ ਕਰਦੀ ਹਾਂ।
ਦਰਅਸਲ, ਸੋਮਵਾਰ ਨੂੰ ਕੰਗਨਾ ਰਣੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਬਿਆਨ ਦਾ ਵਿਰੋਧ ਕੀਤਾ ਜਾਵੇਗਾ। ਦੇਸ਼ ਦੇ ਵਿਕਾਸ ਵਿੱਚ ਕਿਸਾਨ ਅਹਿਮ ਭੂਮਿਕਾ ਨਿਭਾਉਂਦੇ ਹਨ। ਤਿੰਨੋਂ ਖੇਤੀ ਕਾਨੂੰਨਾਂ ਦਾ ਕੁਝ ਹੀ ਰਾਜਾਂ ਵਿੱਚ ਵਿਰੋਧ ਕੀਤਾ ਗਿਆ। ਕਿਸਾਨ ਖੁਸ਼ਹਾਲ ਹੋਣਾ ਚਾਹੀਦਾ ਹੈ।
ਤਿੰਨੋਂ ਕਾਨੂੰਨ ਵਾਪਸ ਲਿਆਉਣ ਲਈ ਕਿਸਾਨਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ। ਮੈਂ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹਾਂ। ਮੈਂ ਕਿਸਾਨਾਂ ਦਾ ਦਰਦ ਸਮਝਦੀ ਹਾਂ। ਕਿਸਾਨਾਂ ਨੂੰ ਮੇਰੇ ਖਿਲਾਫ ਭੜਕਾਇਆ ਗਿਆ। ਇੱਕ ਦਿਨ ਸੱਚ ਸਾਹਮਣੇ ਆ ਜਾਵੇਗਾ ਅਤੇ ਕਿਸਾਨ ਵੀ ਸਮਝ ਜਾਣਗੇ ਕਿ ਕੌਣ ਸਹੀ ਸੀ ਤੇ ਕੌਣ ਗਲਤ। ਦੇਸ਼ ਦੇ ਹਿੱਤ ਵਿੱਚ ਕੋਈ ਵੀ ਵੱਡੀ ਕੁਰਬਾਨੀ ਦੇਣ ਲਈ ਤਿਆਰ ਹਾਂ
ਇਸ ਤੋ ਪਹਿਲਾਂ ਕੰਗਨਾ ਨੇ ਕਿਹਾ ਸੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ। ਇਸ ਲਈ ਕਿਸਾਨਾਂ ਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਕਿਉਂਕਿ ਉਹ ਦੇਸ਼ ਦੇ ਅੰਨਦਾਤਾ ਹਨ ਅਤੇ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਹਾਲਾਂਕਿ ਕੰਗਣਾ ਨੇ ਇਹ ਵੀ ਕਿਹਾ ਕਿ ਉਸ ਦੇ ਬਿਆਨ ਨੂੰ ਵਿਵਾਦਤ ਬਣਾਇਆ ਜਾਵੇਗਾ।
ਗਾਂਧੀ ਪਰਿਵਾਰ ‘ਤੇ ਹਮਲਾ
ਕੰਗਨਾ ਰਣੌਤ ਨੇ ਸੋਮਵਾਰ ਨੂੰ ਮੰਡੀ ਵਿਚ ਕਿਹਾ ਕਿ ਉਨ੍ਹਾਂ ਨੇ ਫਿਲਮ ਇੰਡਸਟਰੀ ‘ਚ ਉਸ ਉਮਰ ‘ਚ ਸਕ੍ਰਿਪਟਾਂ ਲਿਖੀਆਂ ਹਨ, ਜਦੋਂ ਲੜਕੀਆਂ ਲਵ ਲੈਟਰ ਲਿਖਦੀਆਂ ਹਨ। ਉਨ੍ਹਾਂ ਨੂੰ ਆਪਣਾ ਬਚਪਨ ਸਹੀ ਢੰਗ ਨਾਲ ਜੀਣ ਲਈ ਨਹੀਂ ਮਿਲਿਆ, ਜਦਕਿ ਦੂਜੇ ਪਾਸੇ ਸੋਨੀਆ ਗਾਂਧੀ ਦੇ ਬੱਚਿਆਂ ਦਾ ਬਚਪਨ ਬੁਢਾਪੇ ਵਿਚ ਵੀ ਖਤਮ ਨਹੀਂ ਹੋ ਰਿਹਾ।
ਕੰਗਨਾ ਨੇ ਕਿਹਾ ਕਿ ਉਹ ਸਿਰਫ 15 ਸਾਲ ਦੀ ਉਮਰ ‘ਚ ਫਿਲਮੀ ਦੁਨੀਆ ‘ਚ ਸ਼ਾਮਲ ਹੋਈ ਸੀ ਅਤੇ ਉਦੋਂ ਤੋਂ ਹੀ ਉਹ ਸਕ੍ਰਿਪਟਾਂ ਲਿਖ ਰਹੀ ਹੈ, ਜਦੋਂ ਕਿ ਇਸ ਉਮਰ ਦੀਆਂ ਲੜਕੀਆਂ ਲਵ ਲੈਟਰ ਲਿਖਦੀਆਂ ਸਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨ ‘ਤੇ ਕਾਇਮ ਹੈ ਅਤੇ ਸਾਰੀਆਂ ਕਾਂਗਰਸ ਸਰਕਾਰਾਂ ਵਿਕਾਸ ਦਾ ਪੈਸਾ ਸੋਨੀਆ ਗਾਂਧੀ ਨੂੰ ਭੇਜਣ ਦਾ ਕੰਮ ਕਰਦੀਆਂ ਹਨ। ਇਹ ਸਿਰਫ਼ ਹਿਮਾਚਲ ਪ੍ਰਦੇਸ਼ ਦੀ ਗੱਲ ਨਹੀਂ ਹੈ।