Heavy rain- ਪੰਜਾਬ ਦੇ 7 ਜ਼ਿਲ੍ਹਿਆਂ ਲਈ ਅਲਰਟ, ਅਗਲੇੇ 24 ਘੰਟਿਆਂ ‘ਚ ਮੀਂਹ ਤੇ ਗੜੇਮਾਰੀ

ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਲੋਕਾਂ ਲਈ ਵੱਡੀ ਖਬਰ (Heavy rain warning) ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 7 ਜ਼ਿਲ੍ਹਿਆਂ ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਰਨਾਲਾ, ਸੰਗਰੂਰ, ਬਠਿੰਡਾ ਅਤੇ ਮੋਗਾ ਵਿੱਚ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਸੂਬੇ ਵਿੱਚ 12 ਅਤੇ 13 ਜਨਵਰੀ ਨੂੰ ਸੰਘਣੀ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਤਰਨਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਸਿਲਸਲਾ ਅਗਲੇ 24 ਘੰਟੇ ਜਾਰੀ ਰਹਿ ਸਕਦਾ ਹੈ। ਇਧਰ, ਮੀਂਹ ਮਗਰੋਂ ਚੱਲੀਆਂ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਸ਼ਾਮ ਸਮੇਂ ਪੰਜਾਬ ਦੇ ਬਠਿੰਡਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਫ਼ਾਜ਼ਿਲਕਾ ਸਣੇ ਹੋਰਨਾਂ ਥਾਵਾਂ ਉਤੇ ਵੀ ਮੀਂਹ (heavy rainfall) ਪਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਗੁਰਦਾਸਪੁਰ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ। ਇੱਥੇ ਘੱਟ ਤੋਂ ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ 12 ਤੇ 13 ਜਨਵਰੀ ਨੂੰ ਸੂਬੇ ਵਿੱਚ ਸੰਘਣੀ ਧੁੰਦ ਪੈਣ ਸਬੰਧੀ ਓਰੈਂਜ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿਚ ਸਭ ਤੋਂ ਵੱਧ 13 ਐਮਐਮ, ਫ਼ਰੀਦਕੋਟ ਵਿੱਚ 10 ਐਮਐਮ, ਫ਼ਾਜ਼ਿਲਕਾ ਵਿੱਚ 6 ਐਮਐਮ, ਬਰਨਾਲਾ ਵਿਚ 3 ਐੱਮਐੱਮ ਅਤੇ ਫ਼ਿਰੋਜ਼ਪੁਰ ਵਿੱਚ ਇੱਕ ਐਮਐਮ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਐਤਵਾਰ ਨੂੰ ਵੀ ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਤਾਮਿਲਨਾਡੂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਤਾਮਿਲਨਾਡੂ ਦੇ ਕੁਝ ਹਿੱਸਿਆਂ ‘ਚ 70 ਮਿਲੀਮੀਟਰ ਤੋਂ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਸੀਤ ਲਹਿਰ ਦੇ ਨਾਲ-ਨਾਲ ਪੂਰਾ ਉੱਤਰ ਭਾਰਤ ਸੰਘਣੀ ਧੁੰਦ ਦੀ ਲਪੇਟ ‘ਚ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਬਿਹਾਰ ਵਿੱਚ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਰਾਜਾਂ ਵਿਚ ਵਿਜ਼ੀਬਿਲਟੀ 50 ਘੱਟ ਦਰਜ ਕੀਤੀ ਗਈ ਹੈ। ਦਿੱਲੀ ‘ਚ ਸੰਘਣੀ ਧੁੰਦ ਕਾਰਨ 300 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ, ਕਈ ਟਰੇਨਾਂ 24 ਘੰਟੇ ਤੋਂ ਜ਼ਿਆਦਾ ਦੇਰੀ ਨਾਲ ਚੱਲ ਰਹੀਆਂ ਸਨ ਅਤੇ ਵਾਹਨ ਵੀ ਸੜਕਾਂ ਉਤੇ ਘੁੰਮ ਰਹੇ ਸਨ। ਹਾਲਾਂਕਿ ਸ਼ਨੀਵਾਰ ਨੂੰ ਪਏ ਮੀਂਹ ਕਾਰਨ ਧੁੰਦ ਤੋਂ ਰਾਹਤ ਮਿਲੀ ਹੈ ਪਰ ਮੌਸਮ ਵਿਭਾਗ ਨੇ ਅੱਜ ਫਿਰ ਧੁੰਦ ਦਾ ਅਲਰਟ ਜਾਰੀ ਕੀਤਾ ਹੈ।