ਕੀ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਗੋਡੇ ਹੋ ਜਾਂਦੇ ਹਨ ਖ਼ਰਾਬ? ਜਾਣੋ ਕੀ ਹੈ ਅਸਲ ਸੱਚ

ਪਾਣੀ ਸਾਡੇ ਸਰੀਰ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਜੇਕਰ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਵੇ ਤਾਂ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਕਈ ਵਾਰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਖੜ੍ਹੇ ਹੋ ਕੇ ਪਾਣੀ ਨਾ ਪੀਓ, ਨਹੀਂ ਤਾਂ ਇਹ ਸਿੱਧਾ ਤੁਹਾਡੇ ਗੋਡਿਆਂ ਤੱਕ ਜਾ ਸਕਦਾ ਹੈ, ਜਿਸ ਕਾਰਨ ਤੁਸੀਂ ਗਠੀਏ ਦਾ ਸ਼ਿਕਾਰ ਹੋ ਸਕਦੇ ਹੋ। ਪਰ ਅਜਿਹੀਆਂ ਗੱਲਾਂ ਵਿੱਚ ਕਿੰਨੀ ਸੱਚਾਈ ਹੈ, ਆਓ ਜਾਣਦੇ ਹਾਂ:
ਖੜ੍ਹੇ ਹੋ ਕੇ ਪਾਣੀ ਪੀਣਾ ਸਹੀ ਜਾਂ ਗਲਤ:
ਲੋਕਾਂ ਵਿੱਚ ਇੱਕ ਗਲਤ ਧਾਰਨਾ ਹੈ ਕਿ ਜੇਕਰ ਕੋਈ ਵਿਅਕਤੀ ਖੜੇ ਹੋ ਕੇ ਪਾਣੀ ਪੀਂਦਾ ਹੈ ਤਾਂ ਇਹ ਸਿੱਧਾ ਉਸਦੇ ਗੋਡਿਆਂ ਤੱਕ ਜਾਂਦਾ ਹੈ ਅਤੇ ਫਿਰ ਉਸ ਨੂੰ ਗਠੀਏ ਦੀ ਬਿਮਾਰੀ ਹੋ ਜਾਂਦੀ ਹੈ ਪਰ ਆਹਾਰ ਵਿਗਿਆਨੀਆਂ ਦੇ ਅਨੁਸਾਰ ਪਾਣੀ ਪੀਣ ਤੋਂ ਬਾਅਦ ਇਹ ਭੋਜਨ ਦੀ ਨਾੜੀ ਵਿੱਚ ਅਤੇ ਫਿਰ ਪੇਟ ਵਿੱਚ ਚਲਾ ਜਾਂਦਾ ਹੈ। ਸਰੀਰ ਵਿੱਚ ਕੋਈ ਵੱਖਰਾ ਰਸਤਾ ਨਹੀਂ ਹੈ ਜਿਸ ਰਾਹੀਂ ਪਾਣੀ ਸਿੱਧਾ ਗੋਡਿਆਂ ਤੱਕ ਜਾਵੇਗਾ ਅਤੇ ਤੁਹਾਨੂੰ ਗਠੀਆ ਹੋ ਜਾਵੇਗਾ।
ਆਓ ਉਦਾਹਰਣ ਦੇ ਨਾਲ ਸਮਝੀਏ। ਤੁਸੀਂ ਦੇਖਿਆ ਹੋਵੇਗਾ ਕਿ ਐਥਲੀਟ ਹਮੇਸ਼ਾ ਖੜ੍ਹੇ ਹੋ ਕੇ ਪਾਣੀ ਪੀਂਦਾ ਹੈ। ਜੇਕਰ ਉਸ ਦੇ ਗੋਡਿਆਂ ਵਿਚ 0.1 ਫੀਸਦੀ ਪਾਣੀ ਵੀ ਦਾਖਲ ਹੋ ਜਾਂਦਾ ਤਾਂ ਉਸ ਨੂੰ ਗੋਡਿਆਂ ਦੀ ਸਮੱਸਿਆ ਹੋ ਸਕਦੀ ਸੀ ਅਤੇ ਉਸ ਦਾ ਕਰੀਅਰ ਵੀ ਮੁਸ਼ਕਲ ਵਿਚ ਪੈ ਸਕਦਾ ਸੀ। ਪਰ ਅਜਿਹਾ ਕੁਝ ਵੀ ਨਹੀਂ ਹੈ।
ਇੱਕ ਦਿਨ ਵਿੱਚ ਕਿੰਨਾ ਪਾਣੀ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ:
ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਹੋਵੋਗੇ ਕਿ ਇੱਕ ਵਿਅਕਤੀ ਨੂੰ ਹਰ ਰੋਜ਼ ਔਸਤਨ 6 ਲੀਟਰ, 10 ਲੀਟਰ ਪਾਣੀ ਪੀਣਾ ਚਾਹੀਦਾ ਹੈ ਪਰ ਡਾਈਟੀਸ਼ੀਅਨ ਅਨੁਸਾਰ ਬਾਲਗਾਂ ਨੂੰ ਰੋਜ਼ਾਨਾ 2.5 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਹੈ। ਸਾਢੇ ਤਿੰਨ ਲੀਟਰ ਤੋਂ ਵੱਧ ਪਾਣੀ ਪੀਣਾ ਸਰੀਰ ਲਈ ਠੀਕ ਨਹੀਂ ਹੈ ਕਿਉਂਕਿ ਜ਼ਿਆਦਾ ਪਾਣੀ ਤੁਹਾਡੇ ਇਲੈਕਟ੍ਰੋਲਾਈਟਸ ਨੂੰ ਪਤਲਾ ਕਰ ਦਿੰਦਾ ਹੈ। ਜੇਕਰ ਕੋਈ ਐਥਲੀਟ ਜਾਂ ਦੌੜਾਕ ਹੈ ਤਾਂ ਉਸ ਦੇ ਮਾਮਲੇ ਵਿੱਚ ਪੀਣ ਵਾਲੇ ਪਾਣੀ ਦਾ ਮਾਪਦੰਡ ਵੱਖਰਾ ਹੋ ਸਕਦਾ ਹੈ।
(Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)