REIT ਨਾਲ ਕਰੋ Real Estate ‘ਚ ਨਿਵੇਸ਼, ਸਿਰਫ਼ 140 ਰੁਪਏ ਨਾਲ ਪਾ ਸਕਦੇ ਹੋ ਕਰੋੜਾਂ ਦੀ ਜਾਇਦਾਦ ‘ਚ ਹਿੱਸਾ

ਜਦੋਂ ਵੀ ਪੈਸਾ ਨਿਵੇਸ਼ ਕਰਨ ਦੀ ਗੱਲ ਆਉਂਦੀ ਹੈ, ਤਾਂ ਜ਼ਿਆਦਾਤਰ ਲੋਕ Real Estate ਵਿੱਚ ਨਿਵੇਸ਼ ਕਰਨ ਨੂੰ ਹੀ ਪਹਿਲ ਦਿੰਦੇ ਹਨ। ਪਰ ਜ਼ਮੀਨ ਜਾਇਦਾਦ ਵਿੱਚ ਨਿਵੇਸ਼ ਕਰਨ ਲਈ ਵਧੇਰੇ ਪੂੰਜੀ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਵੀ Real Estate ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਪਰ ਪੈਸੇ ਦੀ ਕਮੀ ਕਾਰਨ ਨਹੀਂ ਕਰ ਪਾਉਂਦੇ, ਤਾਂ ਅਸੀਂ ਤੁਹਾਡੇ ਲਈ ਇੱਕ ਜ਼ਬਰਦਸਤ ਆਈਡੀਆ ਲੈ ਕੇ ਆਏ ਹਾਂ।
ਤੁਹਾਨੂੰ ਦੱਸ ਦੇਈਏ ਕਿ Real Estate Investment Trust (REIT) Real Estate ਵਿੱਚ ਨਿਵੇਸ਼ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ। ਜੇਕਰ ਤੁਸੀਂ ਕਿਸੇ ਵੱਡੇ ਵਪਾਰਕ ਕੇਂਦਰ ਜਾਂ ਦਫ਼ਤਰ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕਰੋੜਾਂ ਰੁਪਏ ਚਾਹੀਦੇ ਹੋਣਗੇ। ਪਰ REIT ਰਾਹੀਂ ਤੁਸੀਂ ਘੱਟ ਪੈਸਿਆਂ ਵਿੱਚ ਹੀ ਨਿਵੇਸ਼ ਕਰ ਸਕਦੇ ਹੋ। ਇਸ ਜ਼ਰੀਏ ਤੁਸੀਂ ਸਿਰਫ਼ 140 ਰੁਪਏ ਵਿੱਚ ਦੇਸ਼ ਦੇ ਕਿਸੇ ਵੱਡੇ ਵਪਾਰਕ ਕੇਂਦਰ ਜਾਂ ਦਫ਼ਤਰ ਵਿੱਚ ਨਿਵੇਸ਼ ਕਰ ਸਕਦੇ ਹੋ ਅਤੇ ਨਿਵੇਸ਼ ਕੀਤੀ ਰਕਮ ਦੇ ਹਿਸਾਬ ਨਾਲ ਤੁਸੀਂ ਹਰ 3 ਮਹੀਨੇ ਬਾਅਦ ਕਿਰਾਇਆ ਕਮਾਓਗੇ।
ਆਓ ਇਸ ਨੂੰ ਉਦਾਹਰਨ ਨਾਲ ਸਮਝੀਏ।
ਮੰਨ ਲਓ ਕਿ ਤੁਸੀਂ ਦੇਸ਼ ਦੇ ਵੱਡੇ ਵਪਾਰਕ ਕੇਂਦਰ ਬਾਂਦਰਾ ਕੁਰਲਾ ਕੰਪਲੈਕਸ (BKC) ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕਰੋੜਾਂ ਖਰਚ ਕਰਨੇ ਪੈਣਗੇ, ਪਰ ਤੁਸੀਂ ਘੱਟ ਪੈਸੇ ਵਿੱਚ REIT ਰਾਹੀਂ ਅਸਿੱਧੇ ਤੌਰ ‘ਤੇ BKC ਵਿੱਚ ਨਿਵੇਸ਼ ਕਰ ਸਕਦੇ ਹੋ। ਜੇਕਰ REIT BKC ਵਿੱਚ ਜਾਇਦਾਦ ਖਰੀਦਦਾ ਹੈ, ਤਾਂ ਆਮ ਨਿਵੇਸ਼ਕ ਉਸ ਸੰਪਤੀ ਵਿੱਚ ਯੂਨਿਟ ਹੋਲਡਰ ਬਣ ਸਕਦਾ ਹੈ। ਵਰਤਮਾਨ ਵਿੱਚ ਤੁਸੀਂ REIT ਦਾ 1 ਯੂਨਿਟ/ਸ਼ੇਅਰ 140 ਰੁਪਏ ਤੋਂ 385 ਰੁਪਏ ਵਿੱਚ ਖਰੀਦ ਸਕਦੇ ਹੋ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ REIT ਦਾ ਪੈਟਰਨ ਲਗਭਗ ਮਿਉਚੁਅਲ ਫੰਡ ਕੰਪਨੀ (AMC) ਵਰਗਾ ਹੈ। ਮਿਉਚੁਅਲ ਫੰਡ ਵਿੱਚ, ਫੰਡ ਮੈਨੇਜਰ ਤੁਹਾਡੇ ਪੈਸੇ ਨੂੰ ਚੰਗੀਆਂ ਕੰਪਨੀਆਂ/ਸ਼ੇਅਰਾਂ ਵਿੱਚ ਨਿਵੇਸ਼ ਕਰਕੇ ਤੁਹਾਨੂੰ ਰਿਟਰਨ ਦਿੰਦਾ ਹੈ। REIT ਵਿੱਚ, ਤਜਰਬੇਕਾਰ ਪੇਸ਼ੇਵਰ ਤੁਹਾਡੇ ਪੈਸੇ ਨੂੰ ਵੱਡੇ ਵਪਾਰਕ ਕੇਂਦਰਾਂ, ਦਫ਼ਤਰੀ ਥਾਵਾਂ ਆਦਿ ਵਿੱਚ ਨਿਵੇਸ਼ ਕਰਦੇ ਹਨ। ਇਸ ਤੋਂ ਜੋ ਵੀ ਕਿਰਾਇਆ ਮਿਲਦਾ ਹੈ, ਕੁਝ ਖਰਚੇ ਕੱਟ ਕੇ ਇਹ ਸਾਰਾ ਪੈਸਾ ਨਿਵੇਸ਼ਕਾਂ ਨੂੰ ਦੇ ਦਿੱਤਾ ਜਾਂਦਾ ਹੈ। ਸੇਬੀ ਦੇ ਨਿਯਮਾਂ ਅਨੁਸਾਰ, REITs ਨੂੰ ਆਪਣੀ ਕਮਾਈ ਦਾ 90 ਪ੍ਰਤੀਸ਼ਤ ਨਿਵੇਸ਼ਕਾਂ ਨੂੰ ਅਦਾ ਕਰਨਾ ਪੈਂਦਾ ਹੈ।
REIT ਨਿਵੇਸ਼ਕ ਨਾ ਸਿਰਫ਼ ਹਰ ਤਿੰਨ ਮਹੀਨਿਆਂ ਵਿੱਚ ਕਿਰਾਇਆ ਕਮਾਉਂਦੇ ਹਨ। ਇਸ ਦੇ ਇਲਾਵਾ Real Estate ਦੀ ਕੀਮਤ ਵਧਣ ਨਾਲ ਕੈਪੀਟਲ ਐਪਰੀਸ਼ੀਏਸ਼ਨ ਤੋਂ ਵੀ ਲਾਭ ਪ੍ਰਾਪਤ ਕਰਦੇ ਹਨ। ਮੰਨ ਲਓ ਕਿ ਤੁਸੀਂ ਕਿਸੇ ਵੀ REIT ਵਿੱਚ 100 ਰੁਪਏ ਵਿੱਚ ਇੱਕ ਸ਼ੇਅਰ ਖਰੀਦਦੇ ਹੋ ਅਤੇ ਕੱਲ੍ਹ ਨੂੰ ਸ਼ੇਅਰ ਦੀ ਕੀਮਤ 130 ਰੁਪਏ ਹੋ ਜਾਂਦੀ ਹੈ, ਤਾਂ ਕਿਰਾਏ ਦੀ ਆਮਦਨ ਤੋਂ ਇਲਾਵਾ, ਤੁਸੀਂ 30 ਰੁਪਏ ਵਾਧੂ ਕਮਾਓਗੇ।
ਕਿਵੇਂ ਕਰੀਏ REIT ਵਿੱਚ ਨਿਵੇਸ਼?
ਜਿਵੇਂ ਤੁਸੀਂ ਸਟਾਕ ਐਕਸਚੇਂਜ ਰਾਹੀਂ ਸ਼ੇਅਰ ਖਰੀਦਦੇ ਹੋ, ਉਸੇ ਤਰ੍ਹਾਂ ਤੁਸੀਂ ਸਟਾਕ ਮਾਰਕੀਟ ਵਿੱਚ ਲਿਸਟਿਡ REIT ਦੇ ਸ਼ੇਅਰ ਖਰੀਦ ਸਕਦੇ ਹੋ। ਜਦੋਂ ਸਟਾਕ ਮਾਰਕੀਟ 20 ਸਤੰਬਰ, 2024 ਨੂੰ ਬੰਦ ਹੋਇਆ, ਤਾਂ REIT ਦੇ ਇੱਕ ਸ਼ੇਅਰ ਦੀ ਸਭ ਤੋਂ ਘੱਟ ਕੀਮਤ 139.86 ਰੁਪਏ ਸੀ, ਜਿਸ ਦਾ ਮਤਲਬ ਹੈ ਕਿ ਤੁਸੀਂ ਸਿਰਫ 139.86 ਰੁਪਏ ਵਿੱਚ ਕਰੋੜਾਂ ਦੀ ਜਾਇਦਾਦ ਵਿੱਚ ਨਿਵੇਸ਼ ਕਰ ਸਕਦੇ ਹੋ ਅਤੇ ਘਰ ਬੈਠੇ ਕਿਰਾਇਆ ਕਮਾ ਸਕਦੇ ਹੋ।
ਇਸ ਦੇ ਨਾਲ ਹੀ ਦੱਸ ਦੇਈਏ ਕਿ 20 ਸਤੰਬਰ 2024 ਨੂੰ ਮਾਰਕਿਟ ਬੰਦ ਹੋਣ ਸਮੇਂ Embassy Office Parks REIT ਇੱਕ ਸ਼ੇਅਰ ਦੀ ਕੀਮਤ 385.28 ਰੁਪਏ, ਮਾਈਂਡਸਪੇਸ ਬਿਜ਼ਨੈੱਸ ਪਾਰਕਸ REIT ਦੇ ਇੱਕ ਸ਼ੇਅਰ ਦੀ ਕੀਮਤ 349.54 ਰੁਪਏ ਅਤੇ ਬਰੁਕਫੀਲਡ ਇੰਡੀਆ ਰੀਅਲ ਅਸਟੇਟ ਟਰੱਸਟ ਦੇ ਇੱਕ ਸ਼ੇਅਰ ਦੀ ਕੀਮਤ 275.35 ਰੁਪਏ ਸੀ।
REIT ਕਦੋਂ ਹੋਇਆ ਭਾਰਤ ਵਿੱਚ ਲਾਂਚ?
ਜ਼ਿਕਰਯੋਗ ਹੈ ਕਿ REIT ਮਾਡਲ ਲੰਬੇ ਸਮੇਂ ਤੋਂ ਦੁਨੀਆ ਵਿੱਚ ਮੌਜੂਦ ਹੈ। ਭਾਰਤ ਵਿੱਚ ਪਹਿਲਾ REIT, Embassy Office Parks REIT, ਮਾਰਚ 2019 ਵਿੱਚ ਲਾਂਚ ਕੀਤਾ ਗਿਆ ਸੀ। ਨਵੀਨਤਮ REIT Nexus Select Trust ਹੈ, ਜੋ 2023 ਵਿੱਚ ਸਟਾਕ ਐਕਸਚੇਂਜ ਵਿੱਚ ਲਿਸਟ ਕੀਤਾ ਗਿਆ ਸੀ।