ਭਾਰਤੀ ਟੀਮ ਨੇ ਚੀਨ ਨੂੰ 3-0 ਨਾਲ ਬੁਰੀ ਤਰ੍ਹਾਂ ਹਰਾਇਆ, ਜਿੱਤ ਨਾਲ ਕੀਤੀ ਸ਼ੁਰੂਆਤ – News18 ਪੰਜਾਬੀ

ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ (Indian Mens Hockey) ਨੇ ਐਤਵਾਰ ਨੂੰ ਮੇਜ਼ਬਾਨ ਚੀਨ ਨੂੰ 3-0 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਕੀਤੀ। ਭਾਰਤ ਲਈ ਸੁਖਜੀਤ ਸਿੰਘ (14ਵੇਂ ਮਿੰਟ), ਉੱਤਮ ਸਿੰਘ (27ਵੇਂ ਮਿੰਟ) ਅਤੇ ਅਭਿਸ਼ੇਕ (32ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਚੀਨ ਇਕ ਵੀ ਗੋਲ ਨਹੀਂ ਕਰ ਸਕਿਆ।
ਓਲੰਪਿਕ ‘ਚ ਲਗਾਤਾਰ ਦੂਜਾ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤ ਨੇ ਟੂਰਨਾਮੈਂਟ ‘ਚ ਪ੍ਰਵੇਸ਼ ਕਰਦੇ ਹੋਏ ਸ਼ੁਰੂਆਤ ‘ਚ ਮਿਲੇ ਮੌਕਿਆਂ ਦਾ ਫਾਇਦਾ ਉਠਾਇਆ ਅਤੇ ਡਿਫੈਂਸ ‘ਚ ਵੀ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਦਰਜ ਕੀਤੀ। ਸੁਖਜੀਤ ਨੇ ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਬੜ੍ਹਤ ਦਿਵਾਈ ਜਦੋਂਕਿ ਦੂਜੇ ਕੁਆਰਟਰ ਦੇ ਖ਼ਤਮ ਹੋਣ ਤੋਂ ਸਿਰਫ਼ ਤਿੰਨ ਮਿੰਟ ਪਹਿਲਾਂ ਉੱਤਮ ਸਿੰਘ ਨੇ ਲੀਡ ਨੂੰ ਦੁੱਗਣਾ ਕਰ ਕੇ ਭਾਰਤ ਨੂੰ ਪਹਿਲੇ ਹਾਫ਼ ਦੇ ਅੰਤ ਵਿੱਚ 2-0 ਦੀ ਬੜ੍ਹਤ ਦਿਵਾਈ।
ਖੇਡ ਮੁੜ ਸ਼ੁਰੂ ਹੋਣ ਦੇ ਦੋ ਮਿੰਟ ਬਾਅਦ ਹੀ ਅਭਿਸ਼ੇਕ ਨੇ ਸ਼ਾਨਦਾਰ ਰਿਵਰਸ ਹਿੱਟ ਨਾਲ ਗੋਲ ਕੀਤਾ। ਭਾਰਤ ਸੋਮਵਾਰ ਨੂੰ ਪੂਲ 1 ਵਿੱਚ ਆਪਣੇ ਦੂਜੇ ਮੈਚ ਵਿੱਚ ਜਾਪਾਨ ਨਾਲ ਭਿੜੇਗਾ। ਪਿਛਲੇ ਸਾਲ ਭਾਰਤ ਨੇ ਘਰੇਲੂ ਮੈਦਾਨ ‘ਤੇ ਇਹ ਟੂਰਨਾਮੈਂਟ ਜਿੱਤਿਆ ਸੀ, ਜਿਸ ਨਾਲ ਉਹ ਇਸ ਟੂਰਨਾਮੈਂਟ ਦੇ ਇਤਿਹਾਸ ‘ਚ ਚਾਰ ਖਿਤਾਬ ਜਿੱਤਣ ਵਾਲੀ ਇਕਲੌਤੀ ਟੀਮ ਬਣ ਗਈ ਸੀ। ਹੋਰ ਮੈਚਾਂ ਵਿੱਚ ਮਲੇਸ਼ੀਆ ਨੇ ਪਾਕਿਸਤਾਨ ਨਾਲ 2-2 ਨਾਲ ਡਰਾਅ ਖੇਡਿਆ ਜਦਕਿ ਜਾਪਾਨ ਅਤੇ ਕੋਰੀਆ ਨੇ 5-5 ਨਾਲ ਡਰਾਅ ਖੇਡਿਆ।
- First Published :