ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਆਯੁਸ਼ਮਾਨ ਭਾਰਤ ਸਕੀਮ ਫੰਡਾਂ ਦੇ ਦੁਰਪ੍ਰਬੰਧ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੀਤੀ ਨਿੰਦਾ

ਪਟਿਆਲਾ : ਭਾਜਪਾ ਦੇ ਸੀਨੀਅਰ ਆਗੂ ਪ੍ਰਨੀਤ ਕੌਰ ਅਤੇ ਪੰਜਾਬ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਆਯੂਸ਼ਮਾਨ ਭਾਰਤ ਯੋਜਨਾ ਦੇ ਫੰਡਾਂ ਦੇ ਘੋਰ ਕੁਪ੍ਰਬੰਧ ਨੂੰ ਲੈ ਕੇ ਆਲੋਚਨਾ ਕੀਤੀ।
ਇੱਥੇ ਜਾਰੀ ਬਿਆਨ ਵਿੱਚ ਪ੍ਰਨੀਤ ਕੌਰ ਨੇ ਕਿਹਾ, “ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਸਕੀਮ ਤਹਿਤ ਪ੍ਰਾਈਵੇਟ ਹਸਪਤਾਲਾਂ ਨੂੰ 500 ਕਰੋੜ ਰੁਪਏ ਦੀ ਰਾਸ਼ੀ ਵੰਡਣ ਵਿੱਚ ਨਾਕਾਮ ਰਹਿਣਾ ਲੋਕਾਂ ਦੇ ਭਰੋਸੇ ਨਾਲ ਵੱਡਾ ਧੋਖਾ ਹੈ। ਕੇਂਦਰ ਸਰਕਾਰ ਤੋਂ ਮਿਲੇ 350 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਹਸਪਤਾਲਾਂ ਨੂੰ ਛੱਡ ਕੇ ਅਣਵਰਤੀ ਪਈ ਹੈ ਜਦਕਿ ਮਰੀਜ ਪ੍ਰੇਸ਼ਾਨ ਹੋ ਰਹੇ ਹਨ।”
“ਇਸ ਤੋਂ ਇਲਾਵਾ, ਜਦੋਂ ਕਿ ਹਸਪਤਾਲਾਂ ਨੇ ਅਦਾਇਗੀ ਨਾ ਹੋਣ ਕਾਰਨ ਇਲਾਜ ਬੰਦ ਕਰ ਦਿੱਤਾ ਹੈ, ਪੰਜਾਬ ਸਰਕਾਰ ਬੇਸ਼ਰਮੀ ਨਾਲ ਪ੍ਰਾਪਤ ਹੋਏ ਫੰਡਾਂ ਨੂੰ ਹੋਰ ਕੰਮਾਂ ‘ਤੇ ਖਰਚ ਕਰ ਰਹੀ ਹੈ। ਲੋਕਾਂ ਦੀ ਸਿਹਤ ਨੂੰ ਪਹਿਲ ਦੇਣ ਦੀ ਬਜਾਏ ਵੱਡੇ-ਵੱਡੇ ਇਸ਼ਤਿਹਾਰ, ਅਧਿਕਾਰੀਆਂ ਦੀਆਂ ਰਿਹਾਇਸ਼ਾਂ ਦੀ ਮੁਰੰਮਤ ਅਤੇ ਬੇਲੋੜੇ ਵਾਹਨਾਂ ਦੀ ਖਰੀਦਦਾਰੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜੋਕਿ ਜਨਤਕ ਫੰਡਾਂ ਦੀ ਘੋਰ ਦੁਰਵਰਤੋਂ ਹੈ।”
ਪਟਿਆਲਾ ਦੇ ਸਾਬਕਾ ਸੰਸਦ ਮੈਂਬਰ ਨੇ ਅੱਗੇ ਕਿਹਾ, “ਇਸ ਤੋਂ ਇਲਾਵਾ, ਤੁਹਾਡੀ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਇਹ ਝੂਠਾ ਦਾਅਵਾ ਕਰ ਰਹੀ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਫੰਡਾਂ ਦੀ ਵੰਡ ਨਹੀਂ ਕੀਤੀ ਹੈ। ਸੱਚਾਈ ਇਹ ਹੈ ਕਿ ਕੇਂਦਰ ਨੇ 350 ਕਰੋੜ ਰੁਪਏ ਦਿੱਤੇ ਹਨ, ਜੋ ਕਿ ਤੁਸੀਂ ਕੀਤੇ ਹੋਰ ਵਰਤ ਰਹੇ ਹੋ। ਪੰਜਾਬੀਆਂ ਦੀ ਸਿਹਤ ਲਈ ਆਇਆ ਪੈਸਾ, ਕਿਸੇ ਹੋਰ ਕੰਮ ਉਤੇ ਖਰਚ ਕਰਨ ਦਾ ਹੱਕ ਤੁਹਾਨੂੰ ਕਿਸਨੇ ਦਿੱਤਾ ਹੈ?
ਜੈ ਇੰਦਰ ਕੌਰ ਨੇ ਮੰਗ ਕੀਤੀ, “ਇਸ ਘੋਰ ਕੁਪ੍ਰਬੰਧ ਲਈ ਕੌਣ ਜ਼ਿੰਮੇਵਾਰ ਹੈ, ਇਸ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਸਿਹਤ ਮੰਤਰੀ ਸਮੇਤ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਦੇ ਲੋਕ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਹੱਕਦਾਰ ਹਨ।”
ਮਹਿਲਾ ਮੋਰਚਾ ਦੀ ਪ੍ਰਧਾਨ ਨੇ ਅੱਗੇ ਕਿਹਾ, “ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਤਨਖਾਹਾਂ ਕੁਰਕ ਕਰਨ ਦਾ ਹਾਈ ਕੋਰਟ ਦਾ ਹੁਕਮ ਸਰਕਾਰ ਦੀ ਅਯੋਗਤਾ ਦਾ ਸਬੂਤ ਹੈ। ਭਾਜਪਾ ਇਸ ਸੰਕਟ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਦੀ ਮੰਗ ਕਰਦੀ ਹੈ। ਅਸੀਂ ਰਾਜਨੀਤੀ ਨਾਲੋਂ ਪੰਜਾਬ ਦੇ ਲੋਕਾਂ ਨੂੰ ਤਰਜੀਹ ਦੇਣ ਲਈ ਸਰਕਾਰ ‘ਤੇ ਦਬਾਅ ਜਾਰੀ ਰੱਖਾਂਗੇ।”
ਜੈ ਇੰਦਰ ਕੌਰ ਨੇ ਕਿਹਾ, “ਪੰਜਾਬ ਦੇ ਲੋਕ ਬਿਹਤਰ ਦੇ ਹੱਕਦਾਰ ਹਨ। ਤੁਹਾਡੀ ਸਰਕਾਰ ਦੀਆਂ ਕਾਰਵਾਈਆਂ ਆਮ ਆਦਮੀ ਪਾਰਟੀ ਦੇ ਖੋਖਲੇ ਵਾਅਦਿਆਂ ਦੀ ਪੂਰੀ ਤਰ੍ਹਾਂ ਯਾਦ ਦਿਵਾਉਂਦੀਆਂ ਹਨ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਅਤੇ ਲੋਕਾਂ ਨੂੰ ਉਹ ਸਿਹਤ ਸਹੂਲਤਾਂ ਨਹੀਂ ਮਿਲਦੀਆਂ, ਜਿਨ੍ਹਾਂ ਦੇ ਉਹ ਹੱਕਦਾਰ ਹਨ,” ਜੈ ਇੰਦਰ ਕੌਰ ਨੇ ਕਿਹਾ।