ਉੱਤਰੀ ਕੈਰੋਲੀਨਾ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਜਹਾਜ਼ ਹੋਇਆ ਹਾਦਸਾਗ੍ਰਸਤ, ਕਈ ਯਾਤਰੀਆਂ ਦੀ ਮੌਤ

ਅਮਰੀਕਾ ਵਿੱਚ ਨਿੱਜੀ ਜਹਾਜ਼ਾਂ ਦੇ ਹਾਦਸੇ ਆਮ ਹੋ ਗਏ ਹਨ। ਇੱਥੇ ਹਰ ਰੋਜ਼ ਕੋਈ ਨਾ ਕੋਈ ਜਹਾਜ਼ ਹਾਦਸੇ ਦਾ ਸ਼ਿਕਾਰ ਹੁੰਦਾ ਹੈ। ਇਸ ਵਾਰ ਉੱਤਰੀ ਕੈਰੋਲੀਨਾ ਦੇ ਮੈਂਟੀਓ ਵਿੱਚ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ‘ਰਾਈਟ ਬ੍ਰਦਰਜ਼ ਨੈਸ਼ਨਲ ਮੈਮੋਰੀਅਲ ਫਸਟ ਫਲਾਈਟ ਏਅਰਪੋਰਟ’ ‘ਤੇ ਸਿੰਗਲ ਇੰਜਣ ਵਾਲੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ।
ਹਾਲਾਂਕਿ ਇਸ ਜਹਾਜ਼ ‘ਚ ਕਿੰਨੇ ਲੋਕ ਸਵਾਰ ਸਨ ਅਤੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਬਾਰੇ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜਾਣਕਾਰੀ ਦਿੰਦੇ ਹੋਏ ਨੈਸ਼ਨਲ ਪਾਰਕ ਸਰਵਿਸ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਜਹਾਜ਼ ਦਾ ਮਲਬਾ ਬਰਾਮਦ ਕਰ ਲਿਆ ਗਿਆ ਹੈ। ਨੈਸ਼ਨਲ ਪਾਰਕ ਸਰਵਿਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ 5 ਵਜੇ ਵਾਪਰਿਆ ਜਦੋਂ ਜਹਾਜ਼ ਹਵਾਈ ਅੱਡੇ ‘ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਕਰੈਸ਼ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਕਿਲ ਡੇਵਿਲ ਹਿਲਸ ਡਿਸਟ੍ਰਿਕਟ ਫਾਇਰ ਡਿਪਾਰਟਮੈਂਟ ਅਤੇ ਹੋਰ ਸਥਾਨਕ ਫਾਇਰ ਵਿਭਾਗਾਂ ਨੇ ਅੱਗ ਬੁਝਾਈ।
ਹਾਦਸੇ ਤੋਂ ਬਾਅਦ ਹਵਾਈ ਅੱਡਾ ਕੀਤਾ ਬੰਦ
ਬਿਆਨ ‘ਚ ਕਿਹਾ ਗਿਆ ਹੈ ਕਿ ਜਹਾਜ਼ ਹਾਦਸੇ ਤੋਂ ਬਾਅਦ ਹਵਾਈ ਅੱਡੇ ਦਾ ਸੰਚਾਲਨ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਪੂਰੇ ਹਾਦਸੇ ਦੀ ਜਾਂਚ ਕਰੇਗਾ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਅਜੇ ਤੱਕ ਜਹਾਜ਼ ਹਾਦਸੇ ਦਾ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ ਹੈ। ਤਕਨੀਕੀ ਖ਼ਰਾਬੀ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ।