ਸਿਰਫ 1 ਸੈਂਟੀਮੀਟਰ… ਅਤੇ ਨੀਰਜ ਚੋਪੜਾ ਡਾਇਮੰਡ ਲੀਗ ‘ਚ ਖਿਤਾਬ ਜਿੱਤਣ ਤੋਂ ਖੁੰਝੇ, ਜਾਣੋ ਕਿੰਨੀ ਦੂਰ ਤੱਕ ਸੁੱਟਿਆ ਜੈਵਲਿਨ

ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਡਾਇਮੰਡ ਲੀਗ ਦੇ ਖਿਤਾਬ ਤੋਂ ਇੱਕ ਸੈਂਟੀਮੀਟਰ ਨਾਲ ਖੁੰਝ ਗਏ ਅਤੇ ਸੀਜ਼ਨ ਫਾਈਨਲ ਵਿੱਚ 87.86 ਮੀਟਰ ਦੀ ਥਰੋਅ ਨਾਲ ਲਗਾਤਾਰ ਦੂਜੀ ਵਾਰ ਦੂਜੇ ਸਥਾਨ ‘ਤੇ ਰਹੇ। ਦੋ ਵਾਰ ਦੇ ਓਲੰਪਿਕ ਤਮਗਾ ਜੇਤੂ 26 ਸਾਲਾ ਚੋਪੜਾ ਨੇ 2022 ਵਿੱਚ ਟਰਾਫੀ ਜਿੱਤੀ ਸੀ ਅਤੇ ਪਿਛਲੇ ਸਾਲ ਦੂਜੇ ਸਥਾਨ ’ਤੇ ਰਹੇ ਸਨ। ਉਨ੍ਹਾਂ ਤੀਜੀ ਕੋਸ਼ਿਸ਼ ਵਿੱਚ ਸਰਵੋਤਮ ਥਰੋਅ ਕੀਤਾ, ਪਰ ਉਹ ਜੇਤੂ ਐਂਡਰਸਨ ਪੀਟਰਜ਼ ਦੇ 87.87 ਮੀਟਰ ਤੋਂ ਇੱਕ ਸੈਂਟੀਮੀਟਰ ਪਿੱਛੇ ਰਹਿ ਗਏ।
ਦੋ ਵਾਰ ਦੇ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਪੀਟਰਸ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਸਰਵੋਤਮ ਥਰੋਅ ਕੀਤਾ। ਜਰਮਨੀ ਦਾ ਜੂਲੀਅਨ ਵੇਬਰ 85.97 ਮੀਟਰ ਥਰੋਅ ਨਾਲ ਤੀਜੇ ਸਥਾਨ ‘ਤੇ ਰਿਹਾ। ਟੋਕੀਓ ਓਲੰਪਿਕ ਚੈਂਪੀਅਨ ਚੋਪੜਾ ਨੇ ਪਿਛਲੇ ਮਹੀਨੇ ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਮਗਾ ਜਿੱਤਿਆ ਸੀ।
ਟੋਕੀਓ ਓਲੰਪਿਕ ਖੇਡਾਂ ਵਿਚ ਇਤਿਹਾਸਕ ਸੋਨ ਤਗਮਾ ਜਿੱਤਣ ਤੋਂ ਬਾਅਦ ਪੈਰਿਸ ਵਿਚ ਆਪਣੇ ਓਲੰਪਿਕ ਤਗਮੇ ਦੀ ਸੂਚੀ ਵਿਚ ਚਾਂਦੀ ਦਾ ਤਗਮਾ ਜੋੜਨ ਵਾਲੇ ਨੀਰਜ ਨੂੰ ਦੂਜੇ ਸਥਾਨ ‘ਤੇ ਰਹਿਣ ਲਈ 12,000 ਡਾਲਰ ਮਿਲੇ, ਜਦੋਂ ਕਿ ਆਪਣੇ ਕਰੀਅਰ ਵਿਚ ਪਹਿਲੀ ਵਾਰ ਡਾਇਮੰਡ ਟਰਾਫੀ ਜਿੱਤਣ ਵਾਲੇ ਪੀਟਰਸ ਨੂੰ ਯੂ.ਐੱਸ.ਡੀ. 30,000 ਦਾ ਨਕਦ ਇਨਾਮ ਮਿਲਿਆ। ਇਸ ਦੇ ਨਾਲ ਹੀ ਉਸ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਵਾਈਲਡ ਕਾਰਡ ਐਂਟਰੀ ਵੀ ਮਿਲੀ।
ਟੋਕੀਓ ਓਲੰਪਿਕ ਚੈਂਪੀਅਨ ਦਾ ਇਸ ਸੀਜ਼ਨ ਦਾ ਸਰਵੋਤਮ ਥਰੋਅ ਪਿਛਲੇ ਮਹੀਨੇ ਡਾਇਮੰਡ ਲੀਗ ਦੇ ਲੁਸਾਨੇ ਪੜਾਅ ‘ਤੇ ਆਇਆ ਸੀ, ਜਿਸ ‘ਚ ਉਨ੍ਹਾਂ ਨੇ 89.49 ਮੀਟਰ ਦੀ ਦੂਰੀ ਤੈਅ ਕੀਤੀ ਸੀ, ਜੋ ਉਸ ਦੇ ਕਰੀਅਰ ਦੀ ਦੂਜੀ ਸਰਵੋਤਮ ਕੋਸ਼ਿਸ਼ ਵੀ ਸੀ। ਦਿਲਚਸਪ ਗੱਲ ਇਹ ਹੈ ਕਿ ਇਹ ਦੂਰੀ ਕਰੀਬ 15 ਦਿਨ ਪਹਿਲਾਂ ਪੈਰਿਸ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਦੀ ਉਸ ਦੀ ਕੋਸ਼ਿਸ਼ ਨਾਲੋਂ ਚਾਰ ਸੈਂਟੀਮੀਟਰ ਵੱਧ ਸੀ।
ਦਰਅਸਲ, ਨੀਰਜ ਚੋਪੜਾ ਇਸ ਸੀਜ਼ਨ ਵਿੱਚ ਆਪਣੀ ਫਿਟਨੈਸ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਪਿੱਠ ਦੀ ਸੱਟ ਨੂੰ ਠੀਕ ਕਰਨ ਲਈ ਕਿਸੇ ਡਾਕਟਰ ਨੂੰ ਮਿਲਣਗੇ। ਇਸ ਸੱਟ ਨੇ ਉਨ੍ਹਾਂ ਨੂੰ ਪੂਰੇ ਸੀਜ਼ਨ ਦੌਰਾਨ ਪ੍ਰੇਸ਼ਾਨ ਕੀਤਾ ਹੈ ਅਤੇ 90 ਮੀਟਰ ਦੇ ਅੰਕ ਨੂੰ ਛੂਹਣ ਦੇ ਉਸ ਦੇ ਟੀਚੇ ਵਿਚ ਰੁਕਾਵਟ ਪਾਈ ਹੈ।