ਇੱਕ ਵਾਰ ਫਿਰ ਦਹਿਲਿਆ ਲੇਬਨਾਨ, ਪੇਜਰ ਧਮਾਕਿਆਂ ਤੋਂ ਬਾਅਦ ਵਾਕੀ-ਟਾਕੀ ਬਲਾਸਟ, ਪੜ੍ਹੋ ਪੂਰੀ ਡਿਟੇਲ

ਬੁੱਧਵਾਰ ਨੂੰ ਇੱਕ ਵਾਰ ਫਿਰ ਲੇਬਨਾਨ ਵਿੱਚ ਪੇਜਰ ਲੜੀਵਾਰ ਧਮਾਕਿਆਂ ਤੋਂ ਬਾਅਦ ਮੁੜ ਬਲਾਸਟ ਹੋਏ । ਇਨ੍ਹਾਂ ਧਮਾਕਿਆਂ ‘ਚ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਧਮਾਕੇ ਵਾਇਰਲੈੱਸ ਕਮਿਊਨੀਕੇਸ਼ਨ ਡਿਵਾਈਸਿਜ਼ ‘ਚ ਹੋਏ ਹਨ।
ਸੁਰੱਖਿਆ ਸੂਤਰਾਂ ਮੁਤਾਬਕ ਹੁਣ ਜਿਨ੍ਹਾਂ ਕਮਿਊਨੀਕੇਸ਼ਨ ਡਿਵਾਈਸਿਜ਼ ‘ਚ ਧਮਾਕਾ ਹੋਇਆ ਹੈ, ਉਹ ਹੱਥ ‘ਚ ਫੜੇ ਜਾਣ ਵਾਲੇ ਰੇਡੀਓ ਸੈੱਟ ‘ਵਾਕੀ-ਟਾਕੀ’ ਹਨ। ਧਮਾਕੇ ਉਸ ਸਮੇਂ ਹੋਏ ਜਦੋਂ ਹਿਜ਼ਬੁੱਲ੍ਹਾ ਦੇ ਕਮਾਂਡਰਾਂ ਨੇ ਇਨ੍ਹਾਂ ਨੂੰ ਹੱਥ ‘ਚ ਫੜਿਆ ਹੋਇਆ ਸੀ। ਇਨ੍ਹਾਂ ਧਮਾਕਿਆਂ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਹਿਜ਼ਬੁੱਲ੍ਹਾ ਨੇ ਪੇਜਰਾਂ ਦੀ ਤਰ੍ਹਾਂ ਹੀ ਇਹ ਡਿਵਾਈਸ ਵੀ ਕਰੀਬ ਪੰਜ ਮਹੀਨੇ ਪਹਿਲਾਂ ਖਰੀਦੇ ਸਨ। ਹਿਜ਼ਬੁੱਲਾ ਦੇ ਚੋਟੀ ਦੇ ਅਧਿਕਾਰੀ ਹਾਸ਼ਮ ਸਫੀਦੀਨ ਨੇ ਧਮਾਕਿਆਂ ਬਾਰੇ ਕਿਹਾ ਕਿ ਸੰਗਠਨ ਮਾੜੇ ਸਮੇਂ ਦਾ ਸਾਹਮਣਾ ਕਰ ਰਿਹਾ ਹੈ ਪਰ ਇਸ ਦਾ ਬਦਲਾ ਲਿਆ ਜਾਵੇਗਾ।
ਰਾਇਟਰਜ਼ ਦੇ ਮੁਤਾਬਕ ਇਹ ਵਾਇਰਲੈੱਸ ਰੇਡੀਓ ਸੈੱਟ ਹਿਜ਼ਬੁੱਲ੍ਹਾ ਲੜਾਕਿਆਂ ਦੁਆਰਾ ਵਰਤੇ ਜਾ ਰਹੇ ਸਨ। ਦੇਸ਼ ਦੇ ਦੱਖਣੀ ਹਿੱਸੇ ਅਤੇ ਰਾਜਧਾਨੀ ਬੇਰੂਤ ਦੇ ਦੱਖਣੀ ਉਪਨਗਰਾਂ ਵਿੱਚ ਕਮਿਊਨੀਕੇਸ਼ਨ ਸੈੱਟ ਫਟ ਰਹੇ ਹਨ। ਇਕ ਧਮਾਕਾ ਉਸ ਜਗ੍ਹਾ ਵੀ ਹੋਇਆ, ਜਿਥੇ ਹਿਜ਼ਬੁੱਲ੍ਹਾ ਦੁਆਰਾ ਪੇਜਰ ਧਮਾਕੇ ‘ਚ ਮਾਰੇ ਗਏ ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ।
ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਲੇਬਨਾਨ ਅਤੇ ਸੀਰੀਆ ਦੇ ਕਈ ਸ਼ਹਿਰਾਂ ਵਿੱਚ ਇੱਕੋ ਸਮੇਂ ਪੇਜਰ ਧਮਾਕੇ ਹੋਏ। ਕਰੀਬ ਇੱਕ ਘੰਟੇ ਦਰਮਿਆਨ ਸੈਂਕੜੇ ਪੇਜਰਾਂ ਦਾ ਧਮਾਕਾ ਹੋਇਆ। ਇਨ੍ਹਾਂ ਧਮਾਕਿਆਂ ‘ਚ 12 ਲੋਕਾਂ ਦੀ ਮੌਤ ਹੋ ਗਈ ਅਤੇ 4000 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਇਸ ਪੇਜ਼ਰ ਹਮਲੇ ਤੋਂ ਬਾਅਦ ਹਿਜ਼ਬੁੱਲ੍ਹਾ ਨੇ ਇਜ਼ਰਾਈਲ ‘ਤੇ ਗੰਭੀਰ ਇਲਜ਼ਾਮ ਲਗਾਏ ਅਤੇ ਕਿਹਾ ਕਿ ਇਸ ਸਾਜ਼ਿਸ਼ ਦੇ ਪਿੱਛੇ ਉਸ ਦੀ ਖੁਫੀਆ ਏਜੰਸੀ ਮੋਸਾਦ ਦਾ ਹੱਥ ਹੈ। ਹਿਜ਼ਬੁੱਲ੍ਹਾ ਦੇ ਵੱਲੋਂ ਵੀ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ।