Weather alert- ਵਾਪਸੀ ਕਰ ਰਹੇ ਮਾਨਸੂਨ ਨੇ ਖੜ੍ਹੀ ਕੀਤੀ ਨਵੀਂ ਮੁਸੀਬਤ, ਰੈੱਡ ਅਲਰਟ ਜਾਰੀ

Today Weather Update: ਮਾਨਸੂਨ ਦੀ ਵਾਪਸੀ ਹੋ ਰਹੀ ਹੈ। ਚੱਕਰਵਾਤੀ ਸਰਕੂਲੇਸ਼ਨ ਕਾਰਨ ਮਹਾਰਾਸ਼ਟਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਪਿਛਲੇ 24 ਘੰਟਿਆਂ ‘ਚ ਭਾਰੀ ਮੀਂਹ ਦਰਜ ਕੀਤਾ ਗਿਆ। ਮੁੰਬਈ, ਪੁਣੇ, ਪਾਲਘਰ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕਰਨਾ ਪਿਆ।
ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਉੱਤਰ ਪ੍ਰਦੇਸ਼, ਬਿਹਾਰ, ਸਿੱਕਮ, ਪੱਛਮੀ ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਦਿੱਲੀ ਦੀ ਹਵਾ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। AQI ਪੱਧਰ 80 ਤੋਂ ਹੇਠਾਂ ਪਹੁੰਚ ਗਿਆ ਹੈ, ਜਿਸ ਦਾ ਮਤਲਬ ਹੈ ਕਿ ਹਵਾ ਦੀ ਗੁਣਵੱਤਾ ਵਿਚ ਅਚਾਨਕ ਸੁਧਾਰ ਦੇਖਿਆ ਗਿਆ ਹੈ। ਮਾਨਸੂਨ ਦੀ ਵਾਪਸੀ ਉਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਕਈ ਥਾਈਂ ਭਾਰੀ ਬਾਰਸ਼ ਹੋ ਰਹੀ ਹੈ। ਇਹ ਸਿਲਸਲਾ ਅਗਲੇ ਇਕ-ਦੋ ਦਿਨ ਜਾਰੀ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਉੱਪਰ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ, ਜਿਸ ਕਾਰਨ ਆਸਪਾਸ ਦੇ ਇਲਾਕਿਆਂ ਵਿੱਚ ਭਾਰੀ ਬਾਰਸ਼ ਦਰਜ ਕੀਤੀ ਗਈ ਹੈ। ਮਾਨਸੂਨ ਟ੍ਰਾਪ ਦਿੱਲੀ-ਐੱਨਸੀਆਰ ਖੇਤਰ ਤੋਂ ਕਾਫੀ ਦੂਰ ਹੈ, ਇਸ ਲਈ ਇੱਥੇ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਦਿੱਲੀ ਦਾ ਅਸਮਾਨ ਵੀਕੈਂਡ ‘ਤੇ ਬੱਦਲਵਾਈ ਵਾਲਾ ਰਹੇਗਾ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਮਾਨਸੂਨ ਦੀਆਂ ਗਤੀਵਿਧੀਆਂ 29 ਸਤੰਬਰ ਤੋਂ ਬਾਅਦ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ। ਅਗਲੇ 10 ਦਿਨਾਂ ਤੱਕ ਮੌਸਮ ਗਰਮ ਰਹੇਗਾ। ਦਿੱਲੀ ਦਾ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਅਕਤੂਬਰ ਦੇ ਅੱਧ ਤੱਕ ਠੰਢ ਦਾ ਮੌਸਮ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਅੱਜ 28 ਸਤੰਬਰ ਯਾਨੀ ਅੱਜ ਮੌਸਮ ਦੀ ਅਪਡੇਟ ਜਾਰੀ ਕਰ ਦਿੱਤੀ ਹੈ। ਕਿਉਂਕਿ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਉੱਪਰ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ, ਇਸ ਲਈ ਇਨ੍ਹਾਂ ਰਾਜਾਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਦਾ ਸੰਤਰੀ ਅਲਰਟ ਜਾਰੀ ਕੀਤਾ ਹੈ।
ਦੱਸ ਦਈਏ ਕਿ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ 9 ਰਾਜਾਂ ਵਿੱਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਗੁਜਰਾਤ, ਮਹਾਰਾਸ਼ਟਰ, ਪੱਛਮੀ ਮੱਧ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਸਿੱਕਮ, ਤਾਮਿਲਨਾਡੂ ਅਤੇ ਕੇਰਲ ਲਈ ਭਾਰੀ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਪੂਰਬੀ ਭਾਰਤ, ਝਾਰਖੰਡ, ਛੱਤੀਸਗੜ੍ਹ ਅਤੇ ਉੜੀਸਾ ਵਿੱਚ ਅਗਲੇ 24 ਘੰਟਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।